ਐਡੀਲੇਡ, 8 ਦਸੰਬਰ (ਪੰਜਾਬ ਮੇਲ)- ਭਾਰਤ ਤੇ ਆਸਟ੍ਰੇਲੀਆ ਦਰਮਿਆਨ ਬਾਰਡਰ ਗਾਵਸਕਰ ਟੈਸਟ ਸੀਰੀਜ਼ ਦੇ ਦੂਜੇ ਟੈਸਟ ਮੈਚ ‘ਚ ਆਸਟ੍ਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਹੈ। ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਆਪਣੀ ਪਹਿਲੀ ਪਾਰੀ ‘ਚ ਨਿਤੀਸ਼ ਰੈਡੀ ਦੀਆਂ 42 ਦੌੜਾਂ, ਕੇਐੱਲ ਰਾਹੁਲ ਦੀਆਂ 37 ਦੌੜਾਂ, ਸ਼ੁਭਮਨ ਗਿੱਲ ਦੀਆਂ 31 ਦੌੜਾਂ , ਅਸ਼ਵਿਨ ਦੀਆਂ 22 ਦੌੜਾਂ ਤੇ ਪੰਤ ਦੀਆਂ 21 ਦੌੜਾਂ ਨਾਲ 180 ਦੌੜਾਂ ਬਣਾਈਆਂ ਸਨ। ਇਸ ਦੌਰਾਨ ਆਸਟ੍ਰੇਲੀਆ ਲਈ ਮਿਸ਼ੇਲ ਸਟਾਰਕ ਨੇ 6, ਕਮਿੰਸ ਨੇ 2, ਬੋਲੈਂਡ ਨੇ 2 ਵਿਕਟਾਂ ਲਈਆਂ ਸਨ। ਇਸ ਤੋਂ ਬਾਅਦ ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ ‘ਚ ਟ੍ਰੈਵਿਸ ਹੈੱਡ ਦੀਆਂ 140 ਦੌੜਾਂ ਤੇ ਲਾਬੁਸ਼ੇਨ ਦੀਆਂ 64 ਦੌੜਾਂ ਦੀ ਬਦੌਲਤ ਆਲ ਆਊਟ ਹੋ ਕੇ 337 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਆਸਟ੍ਰੇਲੀਆ ਨੇ 157 ਦੌੜਾਂ ਦੀ ਬੜ੍ਹਤ ਬਣਾ ਲਈ ਸੀ। ਭਾਰਤ ਵਲੋਂ ਬੁਮਰਾਹ ਨੇ 4, ਸਿਰਾਜ ਨੇ 4, ਨਿਤੀਸ਼ ਨੇ 1 ਤੇ ਅਸ਼ਵਿਨ ਨੇ 1 ਵਿਕਟਾਂ ਲਈਆਂ। ਇਸ ਤੋਂ ਬਾਅਦ ਭਾਰਤ ਨੇ ਆਪਣੀ ਦੂਜੀ ਪਾਰੀ ‘ਚ ਨਿਤੀਸ਼ ਰੈਡੀ ਦੀਆਂ 42 ਦੌੜਾਂ, ਸ਼ੁਭਮਨ ਗਿੱਲ ਦੀਆਂ 28 ਦੌੜਾਂ, ਰਿਸ਼ਭ ਪੰਤ ਦੀਆਂ 28 ਦੌੜਾਂ ਤੇ ਯਸ਼ਸਵੀ ਜਾਇਸਵਾਲ ਦੀਆਂ 24 ਦੌੜਾਂ ਨਾਲ 175 ਦੌੜਾਂ ਬਣਾਈਆਂ ਤੇ ਆਸਟ੍ਰੇਲੀਆ ਨੂੰ ਜਿੱਤ ਲਈ 19 ਦੌੜਾਂ ਦਾ ਟੀਚਾ ਦਿੱਤਾ, ਜਿਸ ਨੂੰ ਆਸਟ੍ਰੇਲੀਆ ਵਲੋਂ ਮੈਕਸਵੀਨੀ ਵਲੋਂ 10 ਦੌੜਾਂ ਤੇ ਉਸਮਾਨ ਖਵਾਜਾ ਵਲੋਂ 9 ਦੌੜਾਂ ਬਣਾ ਹਾਸਲ ਕਰ ਲਿਆ ਗਿਆ। ਇਸ ਤਰ੍ਹਾਂ ਆਸਟ੍ਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਇਸ ਤਰ੍ਹਾਂ ਇਹ ਸੀਰੀਜ਼ 1-1 ਨਾਲ ਬਰਾਰਬੀ ‘ਤੇ ਪਹੁੰਚ ਗਈ ਹੈ।