ਕੁਆਲਾਲੰਪੁਰ – ਅੰਮ੍ਰਿਤਸਰ ਵਿਚਕਾਰ ਉਡਾਣਾਂ ‘ਚ ਵਾਧੇ ਦਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਸੁਆਗਤ
ਅੰਮ੍ਰਿਤਸਰ 4 ਅਗਸਤ (ਪੰਜਾਬ ਮੇਲ)- ਪੰਜਾਬ ਦੇ ਸਭ ਤੋਂ ਵੱਡੇ ਅਤੇ ਵਿਅਸਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਸੰਪਰਕ ਵਿੱਚ ਅਗਸਤ ਦੇ ਮਹੀਨੇ ਤੋਂ ਮਹੱਤਵਪੂਰਨ ਵਾਧਾ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਭਾਰਤ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਮਲੇਸ਼ੀਆ ਏਅਰਲਾਈਨਜ਼ ਨੇ 1 ਅਗਸਤ ਤੋਂ ਕੁਆਲਾਲੰਪੁਰ ਅਤੇ ਅੰਮ੍ਰਿਤਸਰ ਦਰਮਿਆਨ ਆਪਣੀਆਂ ਹਫ਼ਤੇ ‘ਚ ਚਾਰ ਉਡਾਣਾਂ ਦੀ ਗਿਣਤੀ ਨੂੰ ਰੋਜ਼ਾਨਾ ਕਰ ਦਿੱਤਾ ਹੈ।
ਮਲੇਸ਼ੀਆ ਏਅਰਲਾਈਨਜ਼ ਦੀਆਂ ਹੁਣ ਰੋਜ਼ਾਨਾਂ ਉਡਾਣਾਂ ਦੇ ਨਾਲ–ਨਾਲ ਏਅਰ ਏਸ਼ੀਆ ਐਕਸ ਦੀਆਂ ਹਫ਼ਤੇ ‘ਚ ਚਾਰ ਅਤੇ ਬੈਟਿਕ ਏਅਰ ਦੀਆਂ ਤਿੰਨ ਉਡਾਣਾਂ ਨਾਲ ਕੁਆਲਾਲੰਪੁਰ ਅਤੇ ਅੰਮ੍ਰਿਤਸਰ ਵਿਚਕਾਰ ਉਪਲੱਬਧ ਸੀਟਾਂ ‘ਚ ਮਹੱਤਵਪੂਰਨ ਵਾਧਾ ਹੋਇਆ ਹੈ। ਪੰਜਾਬ ਦੇ ਯਾਤਰੀਆਂ ਤੋਂ ਇਲਾਵਾ, ਇਹਨਾਂ 28 ਹਫ਼ਤਾਵਾਰੀ ਉਡਾਣਾਂ ਤੋਂ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼, ਜੰਮੂ ਅਤੇ ਹਰਿਆਣਾ ਦੇ ਯਾਤਰੀ ਵੀ ਲਾਭ ਲੈ ਰਹੇ ਹਨ।
ਉਡਾਣਾਂ ਵਿੱਚ ਵਾਧੇ ਨਾਲ ਸਾਡੇ ਭਾਈਚਾਰੇ ਲਈ ਦਿੱਲੀ ਦੀ ਬਜਾਏ ਸਿੱਧਾ ਪੰਜਾਬ ਪਹੁੰਚਣਾਂ ਹੁਣ ਹੋਰ ਸੁਖਾਲਾ ਹੋ ਗਿਆ ਹੈ।ਆਸਟ੍ਰੇਲੀਆ ਦੇ ਮੈਲਬੌਰਨ, ਸਿਡਨੀ, ਐਡੀਲੇਡ, ਬ੍ਰਿਸਬੇਨ, ਅਤੇ ਪਰਥ ਅਤੇ ਨਿਊਜ਼ੀਲੈਂਡ ਦੇ ਆਕਲੈਂਡ ਵਰਗੇ ਸ਼ਹਿਰਾਂ ‘ਚ ਵੱਸਦੇ ਪੰਜਾਬੀ ਕੁਆਲਾਲੰਪੁਰ ਵਿਖੇ ਦੋ ਤੋਂ ਤਿੰਨ ਘੰਟੇ ਰੁੱਕ ਕੇ ਵੀ ਸਿਰਫ 15 ਤੋਂ 18 ਘੰਟਿਆਂ ‘ਚ ਪੰਜਾਬ ਲਈ ਆਪਣੀ ਯਾਤਰਾ ਪੂਰੀ ਕਰ ਸਕਦੇ ਹਨ। ਇਸ ਦੇ ਨਾਲ ਸਿੰਗਾਪੁਰ ਏਅਰਲਾਈਨਜ਼ ਦੀ ਸਹਾਇਕ ਏਅਰਲਾਈਨ ਸਕੂਟ ਵੀ ਯਾਤਰੀਆਂ ਨੂੰ ਸਿੰਗਾਪੁਰ ਅਤੇ ਦੱਖਣ–ਪੂਰਬੀ ਏਸ਼ੀਆ ਨਾਲ ਹਫ਼ਤੇ ‘ਚ ਪੰਜ ਉਡਾਣਾਂ ਨਾਲ ਜੋੜਦੀ ਹੈ। ਇਹਨਾਂ ਸਾਰੀਆਂ ਏਅਰਲਾਈਨਾਂ ਰਾਹੀਂ ਵੱਡੀ ਗਿਣਤੀ ‘ਚ ਸੈਲਾਨੀ ਬਹੁਤ ਹੀ ਘੱਟ ਸਮੇਂ ਅਤੇ ਕਿਰਾਏ ‘ਚ ਬਾਲੀ, ਬੈਂਕਾਕ, ਫੂਕੇਟ, ਵੀਅਤਨਾਮ ਆਦਿ ਵੀ ਆ ਜਾ ਸਕਦੇ ਹਨ।
ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਵਧਣ, ਇੱਥੋਂ ਔਸਤਨ ਰੋਜ਼ਾਨਾ 65 ਉਡਾਣਾਂ ਅਤੇ 10,000 ਯਾਤਰੀਆਂ ਦੇ ਆਉਣ ਜਾਣ ਦੇ ਬਾਵਜੂਦ, ਹਵਾਈ ਅੱਡੇ ‘ਤੇ ਅਜੇ ਵੀ ਸੂਬਾ ਸਰਕਾਰ ਦੁਆਰਾ ਪੰਜਾਬ ਦੇ ਵੱਖ–ਵੱਖ ਸ਼ਹਿਰਾਂ ਤੋਂ ਬੱਸ ਸੇਵਾ ਨਹੀਂ ਸ਼ੁਰੂ ਕੀਤੀ ਜਾ ਰਹੀ ਹੈ। ਗੁਮਟਾਲਾ ਨੇ ਨਮੋਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਫਲਾਈ ਅੰਮ੍ਰਿਤਸਰ ਵੱਲੋਂ ਅਸੀਂ ਏਅਰਲਾਈਨਾਂ ਤੱਕ ਪਹੁੰਚ ਕਰਕੇ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਨ ਅਤੇ ਪੰਜਾਬੀਆਂ ਨੂੰ ਅੀਮ੍ਰਿਤਸਰ ਤੋਂ ਉਡਾਣਾਂ ਨੂੰ ਤਰਜੀਹ ਦੇਣ ਦੀ ਬੇਨਤੀ ਕਰ ਰਹੇ ਹਾਂ, ਪਰ ਇਸ ਦੇ ਉਲਟ ਮਾਨ ਸਰਕਾਰ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਲਈ ਹੋਰ ਬੱਸਾਂ ਅਤੇ ਉੱਥੇ ਸੂਚਨਾ ਕੇਂਦਰ ਖੋਲ੍ਹ ਕੇ ਦਿੱਲੀ ਹਵਾਈ ਅੱਡੇ ਤੋਂ ਯਾਤਰਾ ਨੂੰ ਉਤਸ਼ਾਹਿਤ ਕਰ ਰਹੀ ਹੈ।