ਸਿਡਨੀ, 11 ਦਸੰਬਰ (ਪੰਜਾਬ ਮੇਲ)- ਆਸਟ੍ਰੇਲੀਆ ਵਿਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਵਰਤਣ ‘ਤੇ ਰਾਸ਼ਟਰੀ ਪੱਧਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਬੈਨ 10 ਦਸੰਬਰ ਅੱਧੀ ਰਾਤ ਤੋਂ ਲਾਗੂ ਹੋ ਗਿਆ ਹੈ। ਇਹ ਦੁਨੀਆਂ ਦਾ ਪਹਿਲਾ ਅਜਿਹਾ ਕਾਨੂੰਨ ਹੈ, ਜਿਸ ਦਾ ਉਦੇਸ਼ ਬੱਚਿਆਂ ਨੂੰ ਆਨਲਾਈਨ ਨਸ਼ੇ, ਮਾਨਸਿਕ ਤਣਾਅ, ਸਾਈਬਰ ਧਮਕੀਆਂ ਅਤੇ ਗਲਤ ਸਮੱਗਰੀ ਤੋਂ ਬਚਾਉਣਾ ਹੈ। ਮਾਪਿਆਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਕੰਮ ਕਰ ਰਹੀਆਂ ਵੱਖ-ਵੱਖ ਸੰਸਥਾਵਾਂ ਨੇ ਇਸ ਕਦਮ ਦਾ ਤਹਿ-ਦਿਲੋਂ ਸਵਾਗਤ ਕੀਤਾ ਹੈ। ਬੱਚਿਆਂ ਦੀ ਮਾਨਸਿਕ ਸਿਹਤ ‘ਤੇ ਹੋ ਰਹੇ ਨੁਕਸਾਨਾਂ ਨੂੰ ਧਿਆਨ ‘ਚ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸ ਕਾਨੂੰਨ ਨੂੰ ਦੇਸ਼ ਲਈ ਮਾਣ ਦੀ ਗੱਲ ਦੱਸਦਿਆਂ ਕਿਹਾ ਕਿ ਇਹ ਫ਼ੈਸਲਾ ਬੱਚਿਆਂ ਨੂੰ ਪਰਿਵਾਰ ਦੇ ਨੇੜੇ ਲਿਆਏਗਾ। ਉਨ੍ਹਾਂ ਕਿਹਾ ਕਿ ਹੁਣ ਬੱਚੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਘਰ ਤੋਂ ਬਾਹਰ ਸਰੀਰਕ ਖੇਡਾਂ ਅਤੇ ਸਿਹਤਮੰਦ ਗਤੀਵਿਧੀਆਂ ਵੱਲ ਵਾਪਸ ਮੁੜ ਸਕਣਗੇ। ਇਹ ਪਾਬੰਦੀ ਇਸ ਵੇਲੇ 10 ਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਲਾਗੂ ਕੀਤੀ ਗਈ ਹੈ, ਜਿਨ੍ਹਾਂ ਵਿਚ ਫੇਸਬੁੱਕ, ਇੰਸਟਾਗ੍ਰਾਮ, ਥ੍ਰੇਡਜ਼, ਰੈੱਡਿਟ, ਸਨੈਪਚੈਟ, ਟਿਕਟਨਕ, ਟਵਿਚ, ਐਕਸ (ਜਿਸਨੂੰ ਪਹਿਲਾਂ ਟਵਿੱਟਰ ਕਿਹਾ ਜਾਂਦਾ ਸੀ), ਯੂਟਿਊਬ ਅਤੇ ਹੋਰ ਸੋਸ਼ਲ ਗੱਲਬਾਤ ਵਾਲੇ ਪਲੇਟਫਾਰਮ ਸ਼ਾਮਲ ਹਨ। ਕਾਨੂੰਨ ਅਨੁਸਾਰ ਹੁਣ ਇਹ ਸਭ ਕੰਪਨੀਆਂ 16 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਦਾ ਨਵਾਂ ਖਾਤਾ ਬਣਾਉਣ ਤੋਂ ਰੋਕਣ, ਮੌਜੂਦਾ ਨਾਬਾਲਗ ਯੂਜ਼ਰਾਂ ਦੇ ਖਾਤੇ ਬੰਦ ਕਰਨ ਅਤੇ ਫਰਜ਼ੀ ਉਮਰ ਨਾਲ ਬਣਾਏ ਖਾਤਿਆਂ ਨੂੰ ਹਟਾਉਣ ਲਈ ਵਾਜਿਬ ਤੇ ਪ੍ਰਭਾਵਸ਼ਾਲੀ ਕਦਮ ਲੈਣ ਲਈ ਵਚਨਬੱਧ ਹੋਣਗੀਆਂ। ਇਹ ਨਿਯਮ ਨਾ ਮੰਨਣ ‘ਤੇ ਕੰਪਨੀਆਂ ਨੂੰ 49.5 ਮਿਲੀਅਨ ਡਾਲਰ ਤੱਕ ਜੁਰਮਾਨਾ ਭੁਗਤਣਾ ਪੈ ਸਕਦਾ ਹੈ।
ਆਸਟ੍ਰੇਲੀਆ ‘ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਲਾਗੂ

