ਕੈਨਬਰਾ, 7 ਅਪ੍ਰੈਲ (ਪੰਜਾਬ ਮੇਲ)- ਆਸਟ੍ਰੇਲੀਆ ਨੇ ਚੀਨ ਦੀ ਮਾਲਕੀ ਵਾਲੇ ਵੀਡੀਓ ਬਣਾਉਣ ਵਾਲੇ ਐਪ ਟਿਕ-ਟੌਕ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਟਾਰਨੀ ਜਨਰਲ ਮਾਰਕ ਡਰੇਅਫਸ ਨੇ ਜਾਰੀ ਕੀਤੇ ਗਏ ਬਿਆਨ ‘ਚ ਦੱਸਿਆ ਕਿ ਖੁਫੀਆ ਅਤੇ ਸੁਰੱਖਿਆ ਏਜੰਸੀ ਦੀ ਸਲਾਹ ‘ਤੇ ਇਹ ਪਾਬੰਦੀ ਲਗਾਈ ਗਈ ਹੈ। ਜ਼ਿਕਰਯੋਗ ਹੈ ਕਿ ਖੁਫੀਆ ਸੂਚਨਾਵਾਂ ਸਾਂਝੀਆਂ ਕਰਨ ਵਾਲੇ ਭਾਈਵਾਲਾਂ ਵਿਚ ਸ਼ਾਮਲ ਅਮਰੀਕਾ, ਕੈਨੇਡਾ, ਬ੍ਰਿਟੇਨ ਤੇ ਨਿਊਜ਼ੀਲੈਂਡ ਵੱਲੋਂ ਪਹਿਲਾਂ ਹੀ ਇਸ ਐਪ ‘ਤੇ ਪਾਬੰਦੀ ਲਗਾਈ ਹੋਈ ਹੈ। ਹੁਣ ਇਨ੍ਹਾਂ ਵਿਚ ਆਸਟ੍ਰੇਲੀਆ ਵੀ ਸ਼ਾਮਲ ਹੋ ਗਿਆ ਹੈ। ਦੂਜੇ ਪਾਸੇ ਟਿਕ-ਟੌਕ ਨੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ।
ਕੰਪਨੀ ਦੇ ਆਸਟ੍ਰੇਲਿਆਈ ਜਨਰਲ ਮੈਨੇਜਰ ਲੀ ਹੰਟਰ ਨੇ ਜਾਰੀ ਬਿਆਨ ਵਿਚ ਕਿਹਾ, ”ਅਸੀਂ ਇਸ ਫੈਸਲੇ ਤੋਂ ਨਿਰਾਸ਼ ਹਾਂ। ਇਹ ਕਦਮ ਸਿਆਸਤ ਦਾ ਹਿੱਸਾ ਹੈ। ਅਜਿਹਾ ਕੋਈ ਸਬੂਤ ਨਹੀਂ ਹੈ ਜਿਸ ਤੋਂ ਇਹ ਸਾਬਿਤ ਹੋ ਸਕੇ ਕਿ ਟਿਕ-ਟੌਕ ਨਾਲ ਆਸਟ੍ਰੇਲੀਆ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਹੈ।’ ਉਨ੍ਹਾਂ ਆਸਟ੍ਰੇਲੀਆ ਸਰਕਾਰ ਨੂੰ ਅਪੀਲ ਕੀਤੀ ਕਿ ਸਾਰੇ ਕਾਰੋਬਾਰਾਂ ਨਾਲ ਨਿਰਪੱਖ ਢੰਗ ਨਾਲ ਸਿੱਝਿਆ ਜਾਵੇ।