#AUSTRALIA

ਆਸਟ੍ਰੇਲੀਆ ‘ਚ ਟਰੱਕ ਚਾਲਕਾਂ ਵਿਰੁੱਧ ਨਸਲਵਾਦ ਦੀਆਂ ਘਟਨਾਵਾਂ ‘ਚ ਤੇਜ਼ੀ ਨਾਲ ਹੋ ਰਿਹੈ ਵਾਧਾ

ਮੈਲਬੌਰਨ, 15 ਜਨਵਰੀ (ਪੰਜਾਬ ਮੇਲ)-ਆਸਟ੍ਰੇਲੀਆ ਦੇ ਟਰਾਂਸਪੋਰਟ ਖੇਤਰ ‘ਚ ਭਾਰਤੀ ਖ਼ਾਸ ਕਰਕੇ ਸਿੱਖ ਪ੍ਰਵਾਸੀ ਟਰੱਕ ਚਾਲਕਾਂ ਵਿਰੁੱਧ ਨਸਲਵਾਦ ਦੀਆਂ ਘਟਨਾਵਾਂ ‘ਚ ਅਜੋਕੇ ਸਮੇਂ ਦੌਰਾਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। 2026 ਤੱਕ ਦੇ ਤਾਜ਼ਾ ਅੰਕੜਿਆਂ ਮੁਤਾਬਕ, ਢੁੱਕਵੇਂ ਨਿਯਮਾਂ ਤੇ ਸਖ਼ਤ ਕਾਰਵਾਈ ਦੀ ਕਮੀ ਕਾਰਨ ਚਾਲਕਾਂ ਨੂੰ ਸੜਕਾਂ ਤੇ ਰੇਡੀਓ ਸੰਚਾਰ ਦੌਰਾਨ ਬਦਸਲੂਕੀ ਅਤੇ ਅਪਮਾਨਜਨਕ ਵਿਵਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਰਿਪੋਰਟਾਂ ਅਨੁਸਾਰ ਸਿੱਖ ਟਰੱਕ ਚਾਲਕਾਂ ਦੀ ਦਸਤਾਰ ਦਾ ਅਕਸਰ ਮਜ਼ਾਕ ਉਡਾਇਆ ਜਾਂਦਾ ਹੈ ਤੇ ਉਨ੍ਹਾਂ ਵਿਰੁੱਧ ਨਸਲੀ ਟਿੱਪਣੀਆਂ ਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੇ ਨਸਲੀ ਵਿਤਕਰੇ ਕਾਰਨ ਕਈ ਚਾਲਕ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ ਤੇ ਬਹੁਤ ਸਾਰੇ ਲੋਕ ਇਸ ਕਿੱਤੇ ਨੂੰ ਛੱਡਣ ਲਈ ਮਜਬੂਰ ਹੋ ਰਹੇ ਹਨ।