-4 ਸਾਲਾਂ ਬਾਅਦ ਮਾਪਿਆਂ ਨੂੰ ਮਿਲਣ ਲਈ ਵਤਨ ਪਰਤ ਰਹੀ ਸੀ ਮਨਪ੍ਰੀਤ
ਮੈਲਬੌਰਨ, 3 ਜੁਲਾਈ (ਪੰਜਾਬ ਮੇਲ)- ਕੁਆਂਟਾਸ ਦੀ ਉਡਾਣ ਵਿਚ ਮੈਲਬੌਰਨ ਤੋਂ ਨਵੀਂ ਦਿੱਲੀ ਜਾਣ ਲਈ ਸਵਾਰ ਹੋਈ 24 ਵਰ੍ਹਿਆਂ ਦੀ ਇੱਕ ਭਾਰਤੀ ਲੜਕੀ ਦੀ ਹਾਲਤ ਵਿਗੜਨ ਕਾਰਨ ਜਹਾਜ਼ ‘ਚ ਹੀ ਮੌਤ ਹੋ ਗਈ, ਜੋ ਕਿ ਟੀ.ਬੀ. ਤੋਂ ਪੀੜਤ ਸੀ। ਸੋਮਵਾਰ ਨੂੰ ਇਕ ਮੀਡੀਆ ਖ਼ਬਰ ‘ਚ ਇਹ ਜਾਣਕਾਰੀ ਦਿੱਤੀ ਗਈ।
ਮ੍ਰਿਤਕਾ ਦੀ ਪਛਾਣ ਮਨਪ੍ਰੀਤ ਕੌਰ ਵਜੋਂ ਹੋਈ ਹੈ, ਜੋ ਸ਼ੈੱਫ ਬਣਨਾ ਚਾਹੁੰਦੀ ਸੀ। ਉਹ 20 ਜੂਨ ਨੂੰ ਮੈਲਬੌਰਨ ਤੋਂ ਦਿੱਲੀ ਜਾਣ ਲਈ ਜਹਾਜ਼ ‘ਚ ਸਵਾਰ ਹੋਈ। ਜਾਣਕਾਰੀ ਮੁਤਾਬਕ ਮਨਪ੍ਰੀਤ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਠੀਕ ਮਹਿਸੂਸ ਨਹੀਂ ਕਰ ਰਹੀ ਸੀ ਤੇ ਜਹਾਜ਼ ਵਿਚ ਉਸ ਦੀ ਮੌਤ ਹੋ ਗਈ। ਮਨਪ੍ਰੀਤ ਦੇ ਇੱਕ ਦੋਸਤ ਅਨੁਸਾਰ ਉਹ (ਮਨਪ੍ਰੀਤ) ਮਾਰਚ 2020 ਵਿਚ ਆਸਟਰੇਲੀਆ ਆਉਣ ਮਗਰੋਂ ਪਹਿਲੀ ਵਾਰ ਆਪਣੇ ਮਾਪਿਆਂ ਨੂੰ ਮਿਲਣ ਭਾਰਤ ਜਾ ਰਹੀ ਸੀ। ਉਸ ਨੇ ਦੱਸਿਆ ਕਿ ਜਦੋਂ ਮਨਪ੍ਰੀਤ ਆਪਣੀ ਸੀਟ ਬੈਲਟ ਬੰਨ੍ਹਣ ਲੱਗੀ, ਤਾਂ ਉਹ ਫਰਸ਼ ‘ਤੇ ਡਿੱਗ ਪਈ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਉਸ ਨਾਲ ਰਹਿੰਦੀ ਕੁਲਦੀਪ ਕੌਰ ਨੇ ਦੱਸਿਆ ਮਨਪ੍ਰੀਤ ‘ਆਸਟਰੇਲੀਆ ਪੋਸਟ’ ਵਿਚ ਕੰਮ ਕਰਦੀ ਸੀ।