ਲਾਸ ਏਂਜਲਸ, 1 ਜੁਲਾਈ (ਪੰਜਾਬ ਮੇਲ)- ਮਸ਼ਹੂਰ ਅਮਰੀਕੀ ਅਦਾਕਾਰ ਐਲਨ ਆਰਕਿਨ ਦਾ ਦਿਹਾਂਤ ਹੋ ਗਿਆ ਹੈ। ਉਹ 89 ਸਾਲ ਦੇ ਸਨ। ਉਨ੍ਹਾਂ ਦੇ ਪੁੱਤਰਾਂ ਐਡਮ, ਮੈਥਿਊ ਤੇ ਐਂਥਨੀ ਨੇ ਆਪਣੇ ਪਿਤਾ ਦੇ ਦਿਹਾਂਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਕ ਸਾਂਝੇ ਬਿਆਨ ਵਿਚ ਕਿਹਾ, ”ਸਾਡੇ ਪਿਤਾ ਇਕ ਕਲਾਕਾਰ ਅਤੇ ਇਕ ਵਿਅਕਤੀ ਦੇ ਰੂਪ ਵਿਚ ਇਕ ਵਿਲੱਖਣ ਪ੍ਰਤਿਭਾਵਾਨ ਇਨਸਾਨ ਸਨ।”
ਐਲਨ ਆਰਕਿਨ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ 4 ਵਾਰ ਅਕੈਡਮੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਕਾਰਲ ਰੇਨਰ ਦੀ ਐਂਟਰ ਲਾਫਿੰਗ ਵਿਚ ਉਨ੍ਹਾਂ ਆਪਣੀ ਪਹਿਲੀ ਮੁੱਖ ਭੂਮਿਕਾ ਲਈ 1963 ‘ਚ ਬ੍ਰੌਡਵੇ ਦਾ ਚੋਟੀ ਦਾ ਸਨਮਾਨ ਟੋਨੀ ਐਵਾਰਡ ਜਿੱਤਿਆ ਸੀ। ਉਨ੍ਹਾਂ 1966 ਦੀ ਕੋਲਡ ਵਾਰ ਕਾਮੇਡੀ ਦਿ ਰਸ਼ੀਅਨਜ਼ ਆਰ ਕਮਿੰਗ ਵਿਚ ਇਕ ਸੋਵੀਅਤ ਮਲਾਹ ਦੀ ਭੂਮਿਕਾ ਲਈ ਸਰਵੋਤਮ ਅਭਿਨੇਤਾ ਐਵਾਰਡ ਵੀ ਜਿੱਤਿਆ।
ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਹਾਲੀਵੁੱਡ ਜਗਤ ‘ਚ ਸੋਗ ਦੀ ਲਹਿਰ ਹੈ। ਉਨ੍ਹਾਂ ਦੀ ਮੌਤ ‘ਤੇ ਕਈ ਹਾਲੀਵੁੱਡ ਹਸਤੀਆਂ ਨੇ ਸੋਗ ਜਤਾਇਆ ਹੈ। ਆਪਣੇ ਮਜ਼ਾਕੀਆ ਅੰਦਾਜ਼ ਲਈ ਮਸ਼ਹੂਰ ਅਤੇ ਬਹੁਪੱਖੀ ਪ੍ਰਤਿਭਾ ਲਈ ਜਾਣੇ ਜਾਂਦੇ ਆਰਕਿਨ ਨੂੰ 2007 ਵਿਚ ”ਲਿਟਲ ਮਿਸ ਸਨਸ਼ਾਈਨ” ਲਈ ਆਸਕਰ ਪੁਰਸਕਾਰ ਮਿਲਿਆ ਸੀ।