ਮੁੱਖ ਮੰਤਰੀ ਭਗਵੰਤ ਮਾਨ ਨੇ ਨਿਯੁਕਤ ਹੋਏ ਅਹੁਦੇਦਾਰਾਂ ਨੂੰ ਦਿੱਤੀਆਂ ਮੁਬਾਰਕਾਂ ਅਤੇ ਤਨਦੇਹੀ ਨਾਲ ਪੰਜਾਬ ਦੀ ਸੇਵਾ ਕਰਨ ਦੀ ਨਸੀਹਤ!
‘ਆਪ ਵੱਲੋਂ ਨਿਯੁਕਤ ਕੀਤੇ ਵੱਖ-ਵੱਖ ਅਹੁਦੇਦਾਰਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦਾ ਕੀਤਾ ਤਹੱਈਆ!
ਚੰਡੀਗੜ੍ਹ, 12 ਜੂਨ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੂੰ ਅੱਜ ਓਸ ਵੇਲੇ ਹੋਰ ਮਜ਼ਬੂਤੀ ਮਿਲੀ ਜਦ ਪਾਰਟੀ ਵੱਲੋਂ ਵੱਖ-ਵੱਖ ਅਹੁਦਿਆਂ ਉੱਪਰ ਸੂਬੇ ਦੇ ਨੌਜਵਾਨ ਅਤੇ ਇਮਾਨਦਾਰ ਆਗੂਆਂ ਨੂੰ ਨਿਯੁਕਤ ਕਰ ਦਿੱਤਾ ਗਿਆ। ਆਪਣੀ ਜ਼ਿੰਮੇਵਾਰੀ ਸੰਭਾਲਣ ਜਾ ਰਹੇ ਸਮੂਹ ਅਹੁਦੇਦਾਰਾਂ ਨੂੰ ‘ਆਪ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਵਧਾਈ ਦਿੱਤੀ ਅਤੇ ਨਾਲ ਹੀ ਨਸੀਹਤ ਦਿੰਦਿਆਂ ਪਾਰਟੀ ਅਤੇ ਪੰਜਾਬ ਪ੍ਰਤੀ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ।
‘ਆਪ ਵੱਲੋਂ ਪੰਜਾਬ ਇਕਾਈ ਦੇ ਸੰਗਠਿਤ ਢਾਂਚੇ ਦਾ ਵਿਸਤਾਰ ਕਰਦਿਆਂ ਪੰਜਾਬ ਦੇ ਹਰ ਘਰ ਤੱਕ ਪਾਰਟੀ ਅਤੇ ਮਾਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਅਤੇ ਕੰਮਾਂ ਨੂੰ ਪਹੁੰਚਾਉਣ ਲਈ ਵੱਖ-ਵੱਖ ਅਹੁਦਿਆਂ ਉੱਪਰ ਨਿਯੁਕਤੀ ਕੀਤੀ ਗਈ ਹੈ। ਜਿਸ ਵਿੱਚ ਸ੍ਰੀ ਬੁੱਧ ਰਾਮ ਨੂੰ ਸੂਬੇ ਦੇ ਵਰਕਿੰਗ ਪ੍ਰੈਜ਼ੀਡੈਂਟ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਸਟੇਟ ਵਾਈਸ ਪ੍ਰੈਜ਼ੀਡੈਂਟ, ਜਸਵੀਰ ਸਿੰਘ ਰਾਜਾ ਗਿੱਲ ਸਟੇਟ ਵਾਈਸ ਪ੍ਰੈਜ਼ੀਡੈਂਟ, ਜਗਦੀਪ ਸਿੰਘ ਕਾਕਾ ਬਰਾੜ ਸਟੇਟ ਵਾਈਸ ਪ੍ਰੈਜ਼ੀਡੈਂਟ, ਤਰੁਣਪ੍ਰੀਤ ਸਿੰਘ ਸੋਂਧ ਸਟੇਟ ਵਾਈਸ ਪ੍ਰੈਜ਼ੀਡੈਂਟ, ਜਗਰੂਪ ਸਿੰਘ ਸੇਖਵਾਂ ਸੂਬਾ ਜਰਨਲ ਸੈਕਟਰੀ ਅਤੇ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਸੂਬੇ ਦੇ ਯੂਥ ਵਿੰਗ ਦਾ ਪ੍ਰਧਾਨ ਚੁਣਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਉਪਰੋਕਤ ਨਿਯੁਕਤ ਹੋਏ ਅਹੁਦੇਦਾਰ ਪਾਰਟੀ ਅਤੇ ਪੰਜਾਬ ਪ੍ਰਤੀ ਹਮੇਸ਼ਾ ਦਿਨ-ਰਾਤ ਮਿਹਨਤ ਕਰਨ ਲਈ ਜਾਣੇ ਜਾਂਦੇ ਹਨ। ਇਨ੍ਹਾਂ ਦੇ ਇਸੇ ਜ਼ਜ਼ਬੇ ਨੂੰ ਵੇਖਦਿਆਂ ਪਾਰਟੀ ਨੇ ਅੱਜ ਇਨ੍ਹਾਂ ਸ਼ਖ਼ਸੀਅਤਾਂ ਨੂੰ ਨਵੀਂ ਜ਼ਿੰਮੇਵਾਰੀ ਸੌਂਪੀ ਹੈ। ਦੂਜੇ ਪਾਸੇ ਇਸ ਮੌਕੇ ‘ਤੇ ਨਵ-ਨਿਯੁਕਤ ਹੋਏ ਆਗੂਆਂ ਨੇ ਉਨ੍ਹਾਂ ਉੱਪਰ ਵਿਖਾਏ ਭਰੋਸੇ ਅਤੇ ਯਕੀਨ ਲਈ ਪਾਰਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਹੈ ਕਿ ਉਹ ਪਾਰਟੀ ਵੱਲੋਂ ਦਿੱਤੀ ਹਰ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਹਮੇਸ਼ਾ ਪੰਜਾਬ ਦੀ ਤਰੱਕੀ ਲਈ ਤਤਪਰ ਰਹਿਣਗੇ।