ਸਰੀ, 27 ਸਤੰਬਰ (ਹਰਦਮ ਮਾਨ/ਪੰਜਾਬ ਮੇਲ)-ਪੰਜਾਬ ਕਾਂਗਰਸ ਦੇ ਸਾਬਕਾ ਐਮਐਲਏ ਮਲਕੀਤ ਸਿੰਘ ਦਾਖਾ ਇਹਨਾਂ ਦਿਨਾਂ ਵਿੱਚ ਸਰੀ (ਕੈਨੇਡਾ) ਵਿਖੇ ਆਏ ਹੋਏ ਹਨ। ਬੀਤੇ ਦਿਨ ਗੁਲਾਟੀ ਪਬਲਿਸ਼ਰਜ ਲਿਮਿਟਡ ਸਰੀ ਵਿਖੇ ਵੈਨਕੂਵਰ ਵਿਚਾਰ ਮੰਚ ਵੱਲੋਂ ਉਹਨਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿਚ ਉਨ੍ਹਾਂ ਪੰਜਾਬ ਨਾਲ ਸਬੰਧਿਤ ਕੁਝ ਮੁੱਦਿਆਂ ਬਾਰੇ ਸੰਖੇਪ ਵਿਚ ਆਪਣੇ ਵਿਚਾਰ ਸਾਂਝੇ ਕੀਤੇ।
ਪੰਜਾਬ ਦੇ ਮੌਜੂਦਾ ਹਾਲਾਤ ਦਾ ਬਿਆਨ ਕਰਦਿਆਂ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਇਹਨਾਂ ਦਿਨਾਂ ਵਿੱਚ ਪੰਜਾਬ ਵਿੱਚ ਹੜਾਂ ਕਾਰਨ ਘਰਾਂ, ਫਸਲਾਂ, ਪਸ਼ੂਆਂ ਅਤੇ ਮਨੁੱਖੀ ਜਾਨਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ। ਪੰਜਾਬ ਵਿੱਚ ਪਹਿਲੀ ਵਾਰ ਹੜ੍ਹਾਂ ਕਾਰਨ ਏਨੀ ਤਬਾਹੀ ਹੋਈ ਹੈ। ਉਹਨਾਂ ਕਿਹਾ ਕਿ ਹੜਾਂ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਹਰ ਤਰ੍ਹਾਂ ਸਹਾਇਤਾ ਅਤੇ ਰਾਹਤ ਪੁਚਾ ਕੇ ਪੰਜਾਬ ਦੇ ਲੋਕਾਂ ਨੇ ਇਕ ਵਾਰ ਫੇਰ ਸਰਬੱਤ ਦਾ ਭਲਾ ਚਾਹੁਣ ਵਾਲੇ ਪੰਜਾਬ ਦੀ ਮਾਣਮੱਤੀ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਵੱਲੋਂ ਦੁੱਖ ਦੀ ਇਸ ਘੜੀ ਵਿਚ ਦਿਖਾਈ ਇਕਜੁੱਟਤਾ ਦੀ ਪ੍ਰਸੰਸਾ ਕੀਤੀ। ਉਹਨਾਂ ਕਿਹਾ ਕਿ ਇਕ ਪਾਸੇ ਲੋਕ ਬੜੀ ਤਨਦੇਹੀ ਨਾਲ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦਾ ਦਰਦ ਵੰਡਾਉਣ ਵਿਚ ਦਿਨ ਰਾਤ ਇਕ ਕਰ ਰਹੇ ਸਨ ਪਰ ਦੂਜੇ ਪਾਸੇ ਕੁਝ ਰਾਜਨੀਤਿਕ ਲੀਡਰ ਇਕ ਦੂਜੇ ਵਿਰੁੱਧ ਬਿਆਨਬਾਜੀ ਅਤੇ ਦੂਸ਼ਣਬਾਜੀ ਕਰ ਕੇ ਆਪਣੀ ਘਟੀਆ ਸੋਚ ਦਾ ਪ੍ਰਗਟਾਵਾ ਕਰ ਰਹੇ ਸਨ।
ਮਲਕੀਤ ਸਿੰਘ ਦਾਖਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਜਿਹੜੇ ਉਦੇਸ਼ ਅਤੇ ਅਸੂਲਾਂ ਨੂੰ ਆਧਾਰ ਬਣਾ ਕੇ ਇਹ ਪਾਰਟੀ ਹੋਂਦ ਵਿੱਚ ਆਈ ਸੀ ਅੱਜ ਬਿਲਕੁਲ ਉਹਨਾਂ ਕਦਰਾਂ ਕੀਮਤਾਂ ਤੋਂ ਮੁਨਕਰ ਹੋ ਚੁੱਕੀ ਹੈ। ਰਵਾਇਤੀ ਪਾਰਟੀਆਂ ਤੋਂ ਤੰਗ ਆ ਕੇ ਪੰਜਾਬ ਦੇ ਲੋਕਾਂ ਨੇ ਇਸ ਪਾਰਟੀ ਨੂੰ ਸੱਤਾ ਦੀ ਵਾਗਡੋਰ ਸੰਭਾਲਣ ਦਾ ਮੌਕਾ ਦਿੱਤਾ ਸੀ ਪਰ ਅੱਜ ਹਾਲਾਤ ਇਹ ਹਨ ਕਿ ਆਮ ਆਦਮੀ ਦੀ ਸਰਕਾਰ ਬਿਲਕੁਲ ਫੇਲ੍ਹ ਹੋ ਚੁੱਕੀ ਹੈ ਤੇ ਲੋਕਾਂ ਦੇ ਮਨਾਂ ਤੋਂ ਲੱਥ ਚੁੱਕੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਦੇ ਆਗੂ ਪਿਛਲੀਆਂ ਕਾਂਗਰਸ ਅਤੇ ਅਕਾਲੀ ਸਰਕਾਰਾਂ ‘ਤੇ ਨਜ਼ਲਾ ਝਾੜ ਕੇ ਆਪਣੇ ਆਪ ਨੂੰ ਸੁਰਖਰੂ ਸਮਝ ਰਹੇ ਹਨ ਪਰ ਪੰਜਾਬ ਦੀ ਆਰਥਿਕਤਾ ਜਾਂ ਵਿਕਾਸ ਬਾਰੇ ਉਹਨਾਂ ਕੋਲ ਕੋਈ ਵੀ ਠੋਸ ਪ੍ਰੋਗਰਾਮ ਜਾਂ ਪਲਾਨਿੰਗ ਨਹੀਂ ਹੈ, ਜਿਸ ਕਾਰਨ ਪੰਜਾਬ ਦਾ ਭਵਿੱਖ ਬਹੁਤ ਧੁੰਦਲਾ ਦਿਖਾਈ ਦੇ ਰਿਹਾ ਹੈ।
ਉਹਨਾਂ ਇੱਕ ਸਵਾਲ ਦੇ ਜਵਾਬ ਵਿੱਚ ਅਕਾਲੀ ਦਲ ਬਾਰੇ ਬੋਲਦਿਆਂ ਕਿਹਾ ਕਿ ਬੇਸ਼ੱਕ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲਾ ਅਕਾਲੀ ਦਲ ਨਿਰਧਾਰਤ ਕੀਤੇ ਮਾਪਦੰਡਾਂ ਅਨੁਸਾਰ ਬਣਿਆ ਹੈ ਪਰ ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਹੈ ਅਤੇ ਅਕਾਲੀ ਸਰਕਾਰ ਦੌਰਾਨ ਸੱਤਾ ਮਾਣਨ ਵਾਲੇ ਅਕਾਲੀ ਆਗੂ ਅਤੇ ਵਰਕਰ ਹਰ ਇੱਕ ਜ਼ਿਲੇ, ਕਸਬੇ, ਪਿੰਡ ਵਿੱਚ ਮੌਜੂਦ ਹਨ ਜਿਸ ਕਰ ਕੇ ਇਸ ਵੇਲੇ ਤਾਂ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਦਾ ਹੱਥ ਉੱਪਰ ਹੈ ਪਰ ਅਸਲ ਨਿਤਾਰਾ ਵੋਟਾਂ ਕਰਨਗੀਆਂ ਕਿ ਲੋਕ ਕਿਸ ਅਕਾਲੀ ਦਲ ਦੇ ਨਾਲ ਹਨ?
ਪੰਜਾਬ ਕਾਂਗਰਸ ਬਾਰੇ ਬੇਬਾਕ ਗੱਲ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਤਾਂ ਚਾਹੁੰਦੇ ਹਨ ਕਿ ਕਾਂਗਰਸ ਪਾਰਟੀ ਅੱਗੇ ਆਵੇ ਪਰ ਕਾਂਗਰਸ ਦੀ ਲੀਡਰਸ਼ਿਪ ਵਿਚਲੀ ਫੁੱਟ ਉਨ੍ਹਾਂ ਨੂੰ ਨਿਰਾਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂਆਂ ਦੀ ਫੁੱਟ ਦੀ ਇਕ ਵਜ੍ਹਾ ਇਹ ਵੀ ਹੈ ਕਾਂਗਰਸ ਦੀ ਕੇਂਦਰੀ ਹਾਈ ਕਮਾਨ ਕਮਜ਼ੋਰ ਹੈ ਜਿਸ ਕਾਰਨ ਪੰਜਾਬ ਦੇ ਵੱਡੇ ਕਾਂਗਰਸੀ ਉਸ ਦੀ ਬਹੁਤੀ ਪ੍ਰਵਾਹ ਨਹੀਂ ਕਰਦੇ।
ਇਸ ਮੀਟਿੰਗ ਵਿੱਚ ਵਿਚਾਰ ਮੰਚ ਦੇ ਆਗੂ ਅਤੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਮੋਹਨ ਗਿੱਲ ਅੰਗਰੇਜ਼ ਸਿੰਘ ਬਰਾੜ ਅਤੇ ਹਰਦਮ ਮਾਨ ਨੇ ਵੀ ਪੰਜਾਬ ਬਾਰੇ ਫਿਕਰਮੰਦੀ ਜ਼ਾਹਰ ਕੀਤੀ। ਰਾਜਨੀਤਕ ਗੱਲਬਾਤ ਬਾਅਦ ਸਾਹਿਤਕ ਮਾਹੌਲ ਸਿਰਜਦਿਆਂ ਮਲਕੀਤ ਸਿੰਘ ਦਾਖਾ ਨੇ ਆਪਣੀ ਬਹੁਤ ਹੀ ਪੁਰਾਣੀ ਲਿਖੀ ਇੱਕ ਕਵਿਤਾ ਪੇਸ਼ ਕੀਤੀ ਜੋ ਅੱਜ ਵੀ ਪੰਜਾਬ ਦੇ ਹਾਲਾਤ ‘ਤੇ ਪੂਰਨ ਰੂਪ ਵਿਚ ਢੁਕਵੀਂ ਹੈ।
ਇਸ ਮੀਟਿੰਗ ਵਿੱਚ ਇੰਡੀਆ ਬੁੱਕ ਵਰਲਡ ਡੈਲਟਾ ਦੇ ਸੰਚਾਲਕ ਰਾਜਵੰਤ ਸਿੰਘ ਚਿਲਾਣਾ ਅਤੇ ਪੰਜਾਬੀ ਸਾਹਿਤ ਤੇ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੀ ਅਮਨਦੀਪ ਕੌਰ ਵੀ ਮੌਜੂਦ ਸਨ। ਇਸ ਮੌਕੇ ਮੋਹਨ ਗਿੱਲ ਨੇ ਮਲਕੀਤ ਸਿੰਘ ਦਾਖਾ ਨੂੰ ਆਪਣੀ ਨਵੀਂ ਪੁਸਤਕ ‘ਰੂਹ ਦਾ ਸਾਲਣ’ ਅਤੇ ਅਮਨਦੀਪ ਕੌਰ ਨੂੰ ‘ਇਕ ਹੰਝੂ ਦਾ ਭਾਰ’ ਕਿਤਾਬ ਭੇਟ ਕੀਤੀ। ਜਰਨੈਲ ਸਿੰਘ ਸੇਖਾ ਨੇ ਵੀ ਅਮਨਦੀਪ ਕੌਰ ਨੂੰ ਆਪਣੇ ਦੋ ਨਾਵਲ ‘ਬੇਗਾਨੇ’ ਅਤੇ ‘ਨਾਬਰ’ ਤੋਹਫੇ ਵਜੋਂ ਦਿੱਤੇ। ਅਮਨਦੀਪ ਕੌਰ ਨੇ ਕਿਹਾ ਕਿ ਸਤਿਕਾਰਤ ਲੇਖਕਾਂ ਦੀ ਸੰਗਤ ਮਾਣ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਈ ਹੈ।
ਆਮ ਆਦਮੀ ਦੀ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੈ ਤੇ ਲੋਕ-ਮਨਾਂ ਤੋਂ ਲਹਿ ਚੁੱਕੀ ਹੈ – ਮਲਕੀਤ ਸਿੰਘ ਦਾਖਾ
