#PUNJAB

ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ: ਮਜੀਠੀਆ ਦੀ ਪਟੀਸ਼ਨ ‘ਤੇ ਹਾਈਕੋਰਟ ‘ਚ ਹੋਈ ਸੁਣਵਾਈ

-ਅਗਲੀ ਸੁਣਵਾਈ 26 ਅਗਸਤ ਨੂੰ
ਚੰਡੀਗੜ੍ਹ, 29 ਜੁਲਾਈ (ਪੰਜਾਬ ਮੇਲ)- ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਨਾਭਾ ਜੇਲ੍ਹ ‘ਚ ਬੰਦ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੀ ਪਟੀਸ਼ਨ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸੁਣਵਾਈ ਹੋਈ।
ਅਦਾਲਤ ‘ਚ ਮਜੀਠੀਆ ਦੇ ਵਕੀਲਾਂ ਵਲੋਂ ਪਟੀਸ਼ਨ ਨੂੰ ਬਦਲਣ ਲਈ ਚਾਰ ਹੋਰ ਹਫ਼ਤਿਆਂ ਦਾ ਸਮਾਂ ਮੰਗਿਆ ਗਿਆ ਹੈ, ਜਿਸ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 26 ਅਗਸਤ ਨੂੰ ਹੋਣੀ ਤੈਅ ਕੀਤੀ ਹੈ।
ਦੱਸਣਯੋਗ ਹੈ ਕਿ ਮਜੀਠੀਆ ਨੇ ਆਪਣੀ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਅਦਾਲਤ ‘ਚ ਦਾਇਰ ਕੀਤੀ ਹੋਈ ਹੈ, ਜਿਸ ‘ਤੇ ਸੁਣਵਾਈ ਹੋਈ।
ਉਧਰ ਬਿਕਰਮ ਮਜੀਠੀਆ ਨੇ ਸੋਮਵਾਰ ਨੂੰ ਅਦਾਲਤ ‘ਚ ਅਰਜ਼ੀ ਦਾਇਰ ਕਰਕੇ ਆਪਣੀ ਮੁਕੱਦਮੇ ਦੀ ਕਾਰਵਾਈ ਦੀ ਲਾਈਵ ਸਟ੍ਰੀਮਿੰਗ ਦੀ ਮੰਗ ਕੀਤੀ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਚੱਲ ਰਹੀਆਂ ਸੁਣਵਾਈਆਂ ਦੀ ਇਨ-ਕੈਮਰਾ ਪ੍ਰੋਸੀਡਿੰਗ ਦਾ ਵਿਰੋਧ ਕੀਤਾ ਹੈ।
ਨਾਭਾ ਜੇਲ੍ਹ ‘ਚ ਬੰਦ ਮਜੀਠੀਆ ਨੇ ਆਪਣੇ ਵਕੀਲ ਵਕੀਲ ਰਾਹੀਂ ਦਾਇਰ ਕੀਤੀ ਅਰਜ਼ੀ ‘ਚ ਦਲੀਲ ਦਿੱਤੀ ਹੈ ਕਿ ਜਨਤਾ ਅਤੇ ਮੀਡੀਆ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਹਾਜ਼ਰ ਰਹਿਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਅਰਜ਼ੀ ਕਿਹਾ ਗਿਆ ਹੈ ਕਿ ਅਸੀਂ ਕਾਰਵਾਈ ‘ਚ ਪਾਰਦਰਸ਼ਤਾ ਚਾਹੁੰਦੇ ਹਾਂ। ਜਨਤਾ ਨੂੰ ਖੁਦ ਦੇਖਣਾ ਚਾਹੀਦਾ ਹੈ ਕਿ ਕੇਸ ਦਾ ਐੱਨ.ਡੀ.ਪੀ.ਐੱਸ ਐਕਟ ਜਾਂ ਕਿਸੇ ਵੀ ਗੈਰ-ਕਾਨੂੰਨੀ ਜਾਇਦਾਦ ਨਾਲ ਕੋਈ ਸਬੰਧ ਨਹੀਂ ਹੈ, ਇਹ ਸਿਰਫ਼ ਇਕ ਰਾਜਨੀਤਿਕ ਬਦਲਾ ਹੈ।