ਪਟਿਆਲਾ, 1 ਫਰਵਰੀ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਿੱਲੀ ਸਥਿਤ ਰਿਹਾਇਸ਼ ‘ਤੇ ਚੋਣ ਕਮਿਸ਼ਨ ਵੱਲੋਂ ਛਾਪਾ ਮਾਰਨ ਦੀ ਕਾਰਵਾਈ ਦਾ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਗੰਭੀਰ ਨੋਟਿਸ ਲਿਆ ਹੈ। ‘ਆਪ’ ਦੇ ਸੂਬਾਈ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ (ਚੇਅਰਮੈਨ ਪੰਜਾਬ ਮੰਡੀਕਰਨ ਬੋਰਡ ਪੰਜਾਬ), ‘ਆਪ’ ਦੇ ਸੂਬਾਈ ਸਕੱਤਰ ਰਣਜੋਧ ਸਿੰਘ ਹਡਾਣਾ (ਚੇਅਰਮੈਨ ਪੀ.ਆਰ.ਟੀ.ਸੀ. ਪੰਜਾਬ) ਅਤੇ ਸੂਬਾਈ ਆਗੂ ਇੰਦਰਜੀਤ ਸੰਧੂ (ਚੇਅਰਮੈਨ ਵੇਅਰਹਾਊਸ ਪੰਜਾਬ) ਸਣੇ ਕਈ ਹੋਰ ਆਗੂਆਂ ਕਿਹਾ ਕਿ ਚੋਣ ਕਮਿਸ਼ਨ ਅਤੇ ਦਿੱਲੀ ਪੁਲਿਸ ਵੱਲੋਂ ਇਹ ਕਾਰਵਾਈ ਆਪਣੀ ਹਾਰ ਤੋਂ ਘਬਰਾ ਕੇ ਬੌਖਲਾਹਟ ‘ਚ ਆਈ ਭਾਜਪਾ ਦੇ ਇਸ਼ਾਰੇ ‘ਤੇ ਕੀਤੀ ਗਈ ਹੈ। ‘ਆਪ’ ਦੇ ਆਗੂਆਂ ਨੇ ਇਸ ਹਵਾਲੇ ਨਾਲ਼ ਭਾਜਪਾ ‘ਤੇ ਸੌੜੀ ਰਾਜਨੀਤੀ ਕਰਨ ਦੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਪੱਖ-ਪਾਤ ਕਰ ਰਿਹਾ ਹੈ ਅਤੇ ਭਾਜਪਾ ਆਗੂਆਂ ਦੀਆਂ ਆਪਹੁਦਰੀਆਂ ਅਤੇ ਚੋਣ ਨਿਯਮਾਂ ਦੀਆਂ ਉਲੰਘਣਾ ‘ਤੇ ਆਧਾਰਿਤ ਕਾਰਵਾਈਆਂ ਪ੍ਰਤੀ ਅੱਖਾਂ ਬੰਦ ਕਰੀਂ ਬੈਠਾ ਹੈ। ਉਨ੍ਹਾਂ ਕਿਹਾ ਕਿ ਅਸਲ ‘ਚ ਭਾਜਪਾ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ਾਂ ਕਰ ਰਹੀ ਹੈ, ਜਿਸ ਨੂੰ ਨਾ ਤਾਂ ਪੰਜਾਬ ਅਤੇ ਨਾ ਹੀ ਦਿੱਲੀ ਦੇ ਲੋਕ ਬਰਦਾਸ਼ਤ ਕਰਨਗੇ। ਹਰਚੰਦ ਬਰਸਟ ਨੇ ਕਿਹਾ ਕਿ ਅਜਿਹਾ ਕਰ ਕੇ ਭਾਜਪਾ ਪੰਜਾਬ ਅਤੇ ਪੰਜਾਰੀਆਂ ਨੂੰ ਡਰਾਉਣਾ ਚਾਹੁੰਦੀ ਹੈ ਪਰ ਉਸ ਨੂੰ ਇਹ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ ਪੰਜਾਬੀ ਡਰਨ ਵਾਲ਼ਿਆਂ ਵਿੱਚੋਂ ਨਹੀਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 5 ਫਰਵਰੀ ਨੂੰ ਦਿੱਲੀ ਦੇ ਲੋਕ ਇਸ ਵਾਰ ਮੁੜ ‘ਆਪ’ ਦੇ ਹੱਕ ਵਿਚ ਹੀ ਫ਼ਤਵਾ ਦੇਣਗੇ।