-ਪੁਲਿਸ ਹਿਰਾਸਤ ‘ਚੋਂ ਫ਼ਰਾਰ; ਫ਼ਰਾਰ ਹੋਣ ਮੌਕੇ ਪੁਲਿਸ ‘ਤੇ ਕੀਤੀ ਫਾਇਰਿੰਗ
-ਪੰਜਾਬ ਤੇ ਹਰਿਆਣਾ ਪੁਲਿਸ ਭਾਲ ‘ਚ ਲੱਗੀ
ਪਟਿਆਲਾ, 3 ਸਤੰਬਰ (ਪੰਜਾਬ ਮੇਲ)- ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖਿਲਾਫ਼ ਬਲਾਤਕਾਰ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਪੁਲਿਸ ਨੇ ਪਠਾਨਮਾਜਰਾ ਨੂੰ ਕਰਨਾਲ ਦੇ ਡਾਬਰੀ ਪਿੰਡ ਤੋਂ ਗ੍ਰਿਫ਼ਤਾਰ ਕੀਤਾ, ਪਰ ਵਿਧਾਇਕ ਦੇ ਸਮਰਥਕਾਂ ਵੱਲੋਂ ਕੀਤੀ ਧੱਕਾਮੁੱਕੀ ਦੌਰਾਨ ਉਹ ਪੁਲਿਸ ਹਿਰਾਸਤ ਵਿਚੋਂ ਫਰਾਰ ਹੋ ਗਿਆ। ਪੰਜਾਬ ਤੇ ਹਰਿਆਣਾ ਪੁਲਿਸ ਵੱਲੋਂ ਮਿਲ ਕੇ ਪਠਾਣਮਾਜਰਾ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪਟਿਆਲਾ ਪੁਲਿਸ ਦੀ ਟੀਮ ਸਥਾਨਕ ਕਰਨਾਲ ਪੁਲਿਸ ਅਤੇ ਐੱਸ.ਐੱਚ.ਓ. ਪੱਧਰ ਦੇ ਤਿੰਨ ਅਧਿਕਾਰੀਆਂ ਨਾਲ ‘ਆਪ’ ਵਿਧਾਇਕ ਨੂੰ ਗ੍ਰਿਫ਼ਤਾਰ ਕਰਨ ਲਈ ਮੌਕੇ ‘ਤੇ ਪਹੁੰਚੀ ਸੀ। ਹਾਲਾਂਕਿ ਪਠਾਣਮਾਜਰਾ ਪਿੰਡ ਵਾਸੀਆਂ ਤੇ ਸਮਰਥਕਾਂ ਦੀ ਮਦਦ ਨਾਲ ਇੱਕ ਚਿੱਟੇ ਰੰਗ ਦੀ ਐੱਸ.ਯੂ.ਵੀ. ਵਿਚ ਮੌਕੇ ਤੋਂ ਭੱਜਣ ਵਿਚ ਸਫ਼ਲ ਰਿਹਾ। ਪੁਲਿਸ ਸੂਤਰਾਂ ਅਨੁਸਾਰ ਭੱਜਣ ਦੌਰਾਨ ਕਥਿਤ ਤੌਰ ‘ਤੇ ਗੋਲੀਆਂ ਚਲਾਈਆਂ ਗਈਆਂ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, ”ਕਈ ਟੀਮਾਂ ਦੀ ਮੌਜੂਦਗੀ ਦੇ ਬਾਵਜੂਦ, ਵਿਧਾਇਕ ਸਥਾਨਕ ਲੋਕਾਂ ਦੀ ਮਦਦ ਨਾਲ ਭੱਜ ਗਿਆ। ਅਸੀਂ ਹੁਣ ਉਸ ਨੂੰ ਲੱਭਣ ਲਈ ਹਰਿਆਣਾ ਪੁਲਿਸ ਨਾਲ ਤਾਲਮੇਲ ਕਰ ਰਹੇ ਹਾਂ।” ਪਠਾਣਮਾਜਰਾ ਦੇ ਮੌਕੇ ਤੋਂ ਭੱਜਣ ਦੌਰਾਨ ਐੱਸ.ਯੂ.ਵੀ. ਨਾਲ ਟਕਰਾਉਣ ਤੋਂ ਬਾਅਦ ਇੱਕ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਡਿਊਟੀ ‘ਤੇ ਮੌਜੂਦ ਪੁਲਿਸ ਅਧਿਕਾਰੀ ‘ਤੇ ਹਮਲਾ ਕਰਨ ਅਤੇ ਜ਼ਖਮੀ ਕਰਨ ਲਈ ਵੱਖਰੇ ਤੌਰ ‘ਤੇ ਕੇਸ ਦਰਜ ਕੀਤਾ ਜਾਵੇਗਾ।
ਪਠਾਣਮਾਜਰਾ ਖਿਲਾਫ਼ ਕੇਸ ਅਜਿਹੇ ਮੌਕੇ ਦਰਜ ਕੀਤਾ ਗਿਆ ਹੈ, ਜਦੋਂ ‘ਆਪ’ ਵਿਧਾਇਕ ਵੱਲੋਂ ਹੜ੍ਹ ਪ੍ਰਬੰਧਨ ਤੇ ਰਾਹਤ ਕਾਰਜਾਂ ਨੂੰ ਲੈ ਕੇ ਆਪਣੀ ਹੀ ਸਰਕਾਰ ਦੀ ਜਨਤਕ ਤੌਰ ‘ਤੇ ਆਲੋਚਨਾ ਕੀਤੀ ਗਈ ਅਤੇ ‘ਦਿੱਲੀ ਲਾਬੀ’ ਉੱਤੇ ਪੰਜਾਬ ਦੇ ਮਾਮਲਿਆਂ ਵਿਚ ਦਖਲ ਦੇਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਦੌਰਾਨ ਪਠਾਨਮਾਜਰਾ ਦੇ ਹਮਾਇਤੀਆਂ ਵੱਲੋਂ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਪਟਿਆਲਾ ਵਿਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਪੁਲਿਸ ਵੱਲੋਂ ਫ਼ਰਾਰ ਵਿਧਾਇਕ ਨੂੰ ਲੱਭਣ ਅਤੇ ਗ੍ਰਿਫ਼ਤਾਰ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ।
ਸੂਤਰਾਂ ਨੇ ਦੱਸਿਆ ਕਿ ਪਠਾਣਮਾਜਰਾ ਵਿਰੁੱਧ ਸੋਮਵਾਰ ਸ਼ਾਮ ਨੂੰ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 376 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, ”ਹਾਂ, ਉਸ ‘ਤੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਪਹਿਲਾਂ ਜਾਂਚ ਅਧੀਨ ਸੀ।”
ਇਸ ਮਾਮਲੇ ਵਿਚ ਇੱਕ ਨਵਾਂ ਪਹਿਲੂ ਜੋੜਦੇ ਹੋਏ ਸੀਨੀਅਰ ਸਰਕਾਰੀ ਸੂਤਰ ਨੇ ਖੁਲਾਸਾ ਕੀਤਾ ਕਿ 26 ਅਗਸਤ ਨੂੰ ਸਬੰਧਤ ਔਰਤ ਵੱਲੋਂ ਇੱਕ ਨਵੀਂ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਵਿਧਾਇਕ ਨੇ ਵਿਆਹ ਦੇ ਬਹਾਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਹੈ।
ਇੱਕ ਸੀਨੀਅਰ ‘ਆਪ’ ਅਹੁਦੇਦਾਰ ਨੇ ਕਿਹਾ, ”ਸ਼ਿਕਾਇਤ ਬਾਰੇ ਜਾਣਨ ਅਤੇ ਗ੍ਰਿਫ਼ਤਾਰੀ ਦੇ ਡਰੋਂ ਵਿਧਾਇਕ ਨੇ ਜਨਤਕ ਤੌਰ ‘ਤੇ ਸਰਕਾਰ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।” ਉਨ੍ਹਾਂ ਅੱਗੇ ਕਿਹਾ ਕਿ ਪਠਾਨਮਾਜਰਾ ਸੋਮਵਾਰ ਦੇਰ ਰਾਤ ਕਰਨਾਲ ਲਈ ਰਵਾਨਾ ਹੋਏ, ਅਤੇ ਮੰਗਲਵਾਰ ਸਵੇਰੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਉਧਰ ਹਲਕਾ ਸਨੌਰ ਤੇ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਡਰਨ ਵਾਲੇ ਨਹੀਂ ਹਨ। ਪਠਾਣਮਾਜਰਾ ਖਿਲਾਫ਼ ਇਕ ਪੁਰਾਣੇ ਮਾਮਲੇ ‘ਚ 376 ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ਵਿਚ ਕੇਸ ਚੱਲ ਰਿਹਾ ਹੈ।
‘ਆਪ’ ਵਿਧਾਇਕ ਹਰਮੀਤ ਪਠਾਣਮਾਜਰਾ ਖਿਲਾਫ਼ ਬਲਾਤਕਾਰ ਦਾ ਕੇਸ ਦਰਜ
