2 ਮੰਤਰੀਆਂ ਤੇ ਦੋ ਵਿਧਾਇਕਾਂ ਸਣੇ ‘ਆਪ’ ਵਰਕਰਾਂ ਵੱਲੋਂ ਜੇਲ੍ਹ ਦੇ ਬਾਹਰ ਸਵਾਗਤ
ਪਟਿਆਲਾ, 7 ਨਵੰਬਰ (ਪੰਜਾਬ ਮੇਲ)-ਕਰੋੜਾਂ ਰੁਪਏ ਦੇ ਬੈਂਕ ਫਰਾਡ ਦੇ ਕਥਿਤ ਦੋਸ਼ਾਂ ‘ਤੇ ਆਧਾਰਿਤ ਕੇਸ ਦਾ ਸਾਹਮਣਾ ਕਰ ਰਹੇ ਅਮਰਗੜ੍ਹ ਤੋਂ ‘ਆਪ’ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਹਾਈ ਕੋਰਟ ਤੋਂ ਮਿਲੀ ਜ਼ਮਾਨਤ ਦੇ ਤਹਿਤ ਉਨ੍ਹਾਂ ਨੂੰ ਬੁੱਧਵਾਰ ਦੇਰ ਸ਼ਾਮ ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਇਹ ਵੀ ਇਤਫਾਕ ਹੀ ਹੈ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਦੀ ਏਜੰਸੀ ਈ.ਡੀ. (ਐਨਫੋਰਸਮੈਂਟ ਡਾਇਰੈਕਟੋਰੇਟ) ਵੱਲੋਂ 6 ਨਵੰਬਰ 2023 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਰਿਹਾਈ ਵੀ ਪੂਰੇ ਸਾਲ ਬਾਅਦ 6 ਨਵੰਬਰ ਨੂੰ ਹੋਈ ਹੈ। ਵਿਧਾਇਕ ਖਿਲਾਫ਼ ਈ.ਡੀ. ਵੱਲੋਂ ਇਹ ਕੇਸ 25 ਮਈ 2022 ਨੂੰ ਜਲੰਧਰ ਵਿਚ ਦਰਜ ਕੀਤਾ ਗਿਆ ਸੀ।
ਪਹਿਲਾਂ ਉਨ੍ਹਾਂ ਦੀ ਰਿਹਾਈ 5 ਨਵੰਬਰ ਨੂੰ ਹੋਣੀ ਸੀ। ਇਸ ਕਾਰਨ ‘ਆਪ’ ਵਰਕਰ ਕਈ ਘੰਟੇ ਜੇਲ੍ਹ ਦੇ ਬਾਹਰ ਉਨ੍ਹਾਂ ਦਾ ਇੰਤਜ਼ਾਰ ਕਰਦੇ ਰਹੇ ਪਰ ਤਕਨੀਕੀ ਕਾਰਨਾਂ ਕਰਕੇ ਮੰਗਲਵਾਰ ਨੂੰ ਉਨ੍ਹਾਂ ਦੀ ਰਿਹਾਈ ਨਾ ਹੋ ਸਕੀ। ‘ਆਪ’ ਵਰਕਰਾਂ ਨੇ ਬੁੱਧਵਾਰ ਵੀ ਜੇਲ੍ਹ ਦੇ ਬਾਹਰ ਕਈ ਘੰਟਿਆਂ ਤੱਕ ਡੇਰੇ ਲਾਈਂ ਰੱਖੇ, ਪਰ ਉਨ੍ਹਾਂ ਨੂੰ ਦੇਰ ਸ਼ਾਮ ਹੀ ਛੱਡਿਆ ਗਿਆ। ਇਸ ਮੌਕੇ ਦੋ ਮੰਤਰੀ ਡਾ. ਬਲਬੀਰ ਸਿੰਘ ਤੇ ਤਰਨਜੀਤ ਸਿੰਘ ਸੌਂਦ, ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਤੇ ਮਨਵਿੰਦਰ ਸਿੰਘ ਗਿਆਸਪੁਰਾ ਸਣੇ ਕਈ ਹੋਰ ‘ਆਪ’ ਆਗੂਆਂ ਨੇ ਜੇਲ੍ਹ ਦੇ ਬਾਹਰ ਗੱਜਣਮਾਜਰਾ ਦਾ ਸਵਾਗਤ ਕੀਤਾ।
ਵਿਧਾਇਕ ਗੱਜਣਮਾਜਰਾ ਨੇ ਜੇਲ੍ਹ ਦੌਰਾਨ ਕਾਫ਼ੀ ਸਮਾਂ ਹਸਪਤਾਲ ‘ਚ ਹੀ ਬਿਤਾਇਆ। ਇਹ ਮਾਮਲਾ ਸਮੇਂ-ਸਮੇਂ ‘ਤੇ ਵਿਵਾਦਾਂ ‘ਚ ਘਿਰਿਆ ਰਿਹਾ। ਇਥੋਂ ਤੱਕ ਕਿ ਸ਼ੁਰੂਆਤੀ ਦੌਰ ‘ਚ ਜਦੋਂ ਕਈ ਦਿਨਾਂ ਤੋਂ ਉਨ੍ਹਾਂ ਨੂੰ ਹਸਪਤਾਲੋਂ ਛੁੱਟੀ ਨਾ ਕੀਤੀ ਗਈ, ਤਾਂ ਪੁੱਛਗਿੱਛ ਕਰਨ ਲਈ ਵੀ ਈ.ਡੀ. ਨੂੰ ਅਦਾਲਤ ਦਾ ਸਹਾਰਾ ਲੈਣਾ ਪਿਆ ਸੀ। ਮਗਰੋਂ ਅਦਾਲਤੀ ਆਦੇਸ਼ਾਂ ‘ਤੇ ਡਾਕਟਰਾਂ ਦਾ ਪੰਜ ਮੈਂਬਰੀ ਬੋਰਡ ਵੀ ਗਠਿਤ ਕੀਤਾ ਗਿਆ ਸੀ। ਪੁਲਿਸ ਰਿਮਾਂਡ ਤੋਂ ਕੁਝ ਮਹੀਨਿਆਂ ਮਗਰੋਂ ਜੇਲ੍ਹ ਵਿਚੋਂ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਨ ਦਾ ਮਾਮਲਾ ਵੀ ਮੀਡੀਆ ਦੀਆਂ ਸੁਰਖੀਆ ਬਣਿਆ। ਮਗਰੋਂ ਉਨ੍ਹਾਂ ਨੂੰ ਮੁੜ ਜੇਲ੍ਹ ਭੇਜ ਦਿੱਤਾ ਗਿਆ ਸੀ।