ਜਲੰਧਰ/ਚੰਡੀਗੜ੍ਹ, 2 ਜੂਨ (ਪੰਜਾਬ ਮੇਲ)- ਆਮ ਆਦਮੀ ਪਾਰਟੀ ਵੱਲੋਂ ਅਮਨਦੀਪ ਕੌਰ ਨੂੰ ਪੰਜਾਬ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਦੀ ਵਾਧੂ ਜ਼ਿੰਮੇਵਾਰੀ ਸੌਂਪਣ ਦਾ ਐਲਾਨ ਕੀਤਾ ਗਿਆ ਹੈ। ਅਮਨਦੀਪ ਕੌਰ ਨੂੰ ਪੰਜਾਬ ਮਹਿਲਾ ਵਿੰਗ ਦੀ ਨਵੀਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਜ਼ਰੀਏ ਪਾਰਟੀ ਨੇ ਮਹਿਲਾਵਾਂ ਨਾਲ ਜੁੜੇ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰਨ ਅਤੇ ਔਰਤ ਸ਼ਕਤੀਕਰਨ ਨੂੰ ਵਧਾਉਣ ਦੀ ਆਪਣੀ ਗੰਭੀਰਤਾ ਨੂੰ ਦੋਹਰਾਇਆ ਹੈ।
ਇਥੇ ਇਹ ਵੀ ਦੱਸ ਦੇਈਏ ਕਿ ਅਮਨਦੀਪ ਕੌਰ ਨੇ ਪੰਜਾਬ ਵਿਚ ਮਹਿਲਾ ਸਸ਼ਕਤੀਕਰਨ ਅਤੇ ਸਿੱਖਿਆ ਲਈ ਕਈ ਪਹਿਲਕਦਮੀਆਂ ਵਿਚ ਹਿੱਸਾ ਲਿਆ ਹੈ। ਅਮਨਦੀਪ ਕੌਰ ਇਸ ਸਮੇਂ ਮਹਿਲਾ ਵਿੰਗ ਦੀ ਸੂਬਾ ਉੱਪ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੀ ਨਿਯੁਕਤੀ ਨੂੰ ਪਾਰਟੀ ਦੇ ਮਹਿਲਾ ਵਿੰਗ ਨੂੰ ਮਜ਼ਬੂਤ ਬਣਾਉਣ ਅਤੇ ਰਾਜ ਵਿਚ ਔਰਤਾਂ ਦੇ ਹੱਕਾਂ ਲਈ ਲੜਾਈ ਨੂੰ ਹੋਰ ਸੁਚਾਰੂ ਬਣਾਉਣ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਇਕ ਵੱਡੇ ਆਗੂ ਨੇ ਕਿਹਾ ਕਿ ਅਮਨਦੀਪ ਕੌਰ ਦਾ ਅਨੁਭਵ ਅਤੇ ਨਿਸ਼ਠਾ ਪਾਰਟੀ ਨੂੰ ਮਹਿਲਾਵਾਂ ਨਾਲ ਸੰਬੰਧਿਤ ਨੀਤੀਆਂ ਨੂੰ ਅੱਗੇ ਵਧਾਉਣ ਵਿਚ ਮਦਦ ਕਰੇਗੀ। ਅਮਨਦੀਪ ਕੌਰ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਪੰਜਾਬ ਦੀਆਂ ਮਹਿਲਾਵਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਣ ਲਈ ਪੂਰੀ ਤਰ੍ਹਾਂ ਸਮਰਪਿਤ ਹਨ। ਉਨ੍ਹਾਂ ਨੇ ਪਾਰਟੀ ਦੇ ਸਹਿਯੋਗ ਨਾਲ ਮਹਿਲਾ ਸੁਰੱਖਿਆ, ਸਿੱਖਿਆ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ ਲਈ ਕੰਮ ਕਰਨ ਦਾ ਵਾਅਦਾ ਕੀਤਾ।
‘ਆਪ’ ਪੰਜਾਬ ਵੱਲੋਂ ਸਟੇਟ ਵੂਮੈਨ ਵਿੰਗ ਦੀ ਨਵੀਂ ਪ੍ਰਧਾਨ ਨਿਯੁਕਤ
