-ਪੰਜਾਬ ‘ਚ ਇਕੱਲਿਆਂ ਹੀ ਚੋਣ ਲੜੇਗੀ ‘ਆਪ’
ਚੰਡੀਗੜ੍ਹ, 1 ਅਪ੍ਰੈਲ (ਪੰਜਾਬ ਮੇਲ)- ਪੰਜਾਬ ‘ਚ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਗੱਠਜੋੜ ਹੋਣ ‘ਤੇ ਮੁੜ ਵਿਚਾਰ ਹੋਣ ਦੀ ਚਰਚਾ ਨੂੰ ਵਿਰਾਮ ਲੱਗ ਗਿਆ। ਦਿੱਲੀ ਵਿਚ ‘ਇੰਡੀਆ ਬਲਾਕ’ ਦੀ ਰੈਲੀ ਵਿਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਇਕੱਠੇ ਹੋ ਕੇ ਚੋਣਾਂ ਲੜਨ ਦੇ ਦਿੱਤੇ ਮਸ਼ਵਰੇ ਤੋਂ ਪੰਜਾਬ ਵਿਚ ‘ਆਪ’ ਤੇ ਕਾਂਗਰਸ ਵਿਚਾਲੇ ਗੱਠਜੋੜ ਹੋਣ ਦੀ ਸੰਭਾਵਨਾ ਪੈਦਾ ਹੋਣ ‘ਤੇ ਚਰਚੇ ਜ਼ੋਰ ਫੜ ਗਏ ਸਨ। ਅਹਿਮ ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਅੰਦਰ ਇਹ ਸਾਫ਼ ਕਰ ਦਿੱਤਾ ਹੈ ਕਿ ‘ਆਪ’ ਪੰਜਾਬ ਵਿਚ ਇਕੱਲੇ ਚੋਣਾਂ ਲੜੇਗੀ ਅਤੇ ਇਸ ਫ਼ੈਸਲੇ ‘ਤੇ ਮੁੜ ਵਿਚਾਰ ਹੋਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਕਾਂਗਰਸ ਪ੍ਰਧਾਨ ਖੜਗੇ ਨੇ ਰੈਲੀ ਵਿਚ ਕਿਹਾ ਸੀ ਕਿ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਲੋਕ ਸਭਾ ਚੋਣਾਂ ਵਿਚ ਸੱਤਾਧਾਰੀ ਧਿਰ ਖ਼ਿਲਾਫ਼ ਇੱਕਜੁਟ ਹੋ ਕੇ ਲੜਨਾ ਚਾਹੀਦਾ ਹੈ।
ਖੜਗੇ ਨੇ ਕਿਹਾ ਕਿ ਇੱਕਜੁਟ ਹੋ ਕੇ ਹੀ ਭਾਜਪਾ ਦਾ ਮੁਕਾਬਲਾ ਹੋ ਸਕਦਾ ਹੈ ਅਤੇ ਜੇ ਅਸੀਂ ਹੀ ਇੱਕ ਦੂਜੇ ‘ਤੇ ਹਮਲੇ ਕਰਦੇ ਰਹੇ ਤਾਂ ਕਾਮਯਾਬੀ ਨਹੀਂ ਮਿਲ ਸਕੇਗੀ। ਜਿਉਂ ਹੀ ਖੜਗੇ ਦੀ ਅਪੀਲ ਆਈ, ਤਾਂ ਉਦੋਂ ਹੀ ਪੰਜਾਬ ਵਿਚ ਚਰਚਾ ਜ਼ੋਰ ਫੜ ਗਈ ਕਿ ‘ਆਪ’ ਅਤੇ ਕਾਂਗਰਸ ਵਿਚਾਲੇ ਸੂਬੇ ਵਿਚ ਗੱਠਜੋੜ ਹੋ ਸਕਦਾ ਹੈ। ਖੜਗੇ ਦੀ ਅਪੀਲ ਤੋਂ ਸਾਫ਼ ਜਾਪਦਾ ਸੀ ਕਿ ਉਹ ਪੰਜਾਬ ਵਿਚ ਵੀ ਕਾਂਗਰਸ ਦੇ ‘ਆਪ’ ਨਾਲ ਸਮਝੌਤੇ ਦੇ ਇੱਛੁਕ ਹਨ। ਹਾਲਾਂਕਿ ਸ਼੍ਰੀ ਖੜਗੇ ਨੇ ਕਾਂਗਰਸ ਦੀ ਸਮਰਾਲਾ ਰੈਲੀ ਵਿਚ ਲੋਕ ਸਭਾ ਦੀਆਂ 13 ਸੀਟਾਂ ਇਕੱਲੇ ਲੜਨ ਦਾ ਸਪੱਸ਼ਟ ਇਸ਼ਾਰਾ ਕੀਤਾ ਸੀ। ਉਧਰ, ਮੁੱਖ ਮੰਤਰੀ ਭਗਵੰਤ ਮਾਨ ਸ਼ੁਰੂ ਤੋਂ ਹੀ ਇਸ ਸਟੈਂਡ ‘ਤੇ ਹਨ ਕਿ ਪੰਜਾਬ ਵਿਚ ਉਹ ਇਕੱਲੇ ਚੋਣਾਂ ਲੜਨਗੇ। ਇੱਥੋਂ ਤੱਕ ਕਿ ‘ਆਪ’ ਦੀ ਹਾਈਕਮਾਂਡ ਨੇ ਵੀ ਉਨ੍ਹਾਂ ਨੂੰ ਇਸ ਮਾਮਲੇ ‘ਤੇ ਸਹਿਮਤੀ ਦੇ ਦਿੱਤੀ ਸੀ। ਹੁਣ ਜਦੋਂ ਮੁੜ ਚਰਚੇ ਛਿੜੇ ਹਨ, ਤਾਂ ਮੁੱਖ ਮੰਤਰੀ ਨੇ ਪਾਰਟੀ ਅੰਦਰ ਸ਼ੁਰੂ ਹੋਈ ਹਲਚਲ ਨੂੰ ਇਹ ਕਹਿ ਕੇ ਸ਼ਾਂਤ ਕਰ ਦਿੱਤਾ ਕਿ ਕਿਸੇ ਫ਼ੈਸਲੇ ‘ਤੇ ਮੁੜ ਵਿਚਾਰ ਨਹੀਂ ਹੋਵੇਗਾ।
ਸਿਆਸੀ ਹਲਕਿਆਂ ਵਿਚ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਜੇ ਦੋਵੇਂ ਧਿਰਾਂ ਇਕੱਠਿਆਂ ਮੈਦਾਨ ‘ਚ ਨਿੱਤਰਦੀਆਂ ਹਨ, ਤਾਂ ਵਧੀਆ ਨਤੀਜੇ ਆ ਸਕਦੇ ਹਨ ਪਰ ਦੋਵੇਂ ਪਾਰਟੀਆਂ ਦੀ ਸੂਬਾਈ ਲੀਡਰਸ਼ਿਪ ਇਨ੍ਹਾਂ ਮਸ਼ਵਰਿਆਂ ਨੂੰ ਮੁੱਢੋਂ ਹੀ ਰੱਦ ਕਰ ਰਹੀ ਹੈ। ‘ਆਪ’ ਨੇ ਅੱਠ ਸੀਟਾਂ ‘ਤੇ ਉਮੀਦਵਾਰ ਐਲਾਨ ਦਿੱਤੇ ਸਨ, ਜਿਨ੍ਹਾਂ ਵਿਚੋਂ ਜਲੰਧਰ ਦਾ ਉਮੀਦਵਾਰ ਮੈਦਾਨ ਛੱਡ ਚੁੱਕਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਰੈਲੀ ਮਗਰੋਂ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਆਪੋ ਆਪਣੇ ਹਲਕਿਆਂ ਵਿਚ ਚੋਣ ਪ੍ਰਚਾਰ ਵਿਚ ਮੁੜ ਜੁੱਟ ਜਾਣ ਲਈ ਆਖ ਦਿੱਤਾ ਹੈ। ਦੂਸਰੇ ਪਾਸੇ ਕਾਂਗਰਸ ਦੀ ਸੂਬਾਈ ਲੀਡਰਸ਼ਿਪ ਵੀ ਆਪਣੀ ਹਾਈਕਮਾਂਡ ਨੂੰ ਪੰਜਾਬ ‘ਚ ‘ਆਪ’ ਨਾਲ ਸਮਝੌਤਾ ਨਾ ਕਰਨ ਬਾਰੇ ਅਗਾਊਂ ਹੀ ਦੱਸ ਚੁੱਕੀ ਹੈ।