ਸੈਕਰਾਮੈਂਟੋ,ਕੈਲੀਫੋਰਨੀਆ, 22 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ) – ਕੋਲੋਰਾਡੋ ਦੇ ਇਕ ਦਰਿਆ ਵਿਚ ਕਿਸ਼ਤੀ ਉਲਟਣ ਕਾਰਨ ਡਾ ਡਸਟਿਨ ਹਾਰਕਰ ਦੀ ਮੌਤ ਹੋ ਗਈ। ਹਚਿਨਸਨ ਕਲੀਨਿਕ ਵਿਚ ਕੰਮ ਕਰਦੇ ਰਹੇ ਡਾ ਹਾਰਕਰ ਆਪਣੇ 4 ਬੱਚਿਆਂ ਸਮੇਤ ਕੁਝ ਦੋਸਤਾਂ ਮਿਤਰਾਂ ਨਾਲ ”ਵਾਈਟ ਵਾਟਰ ਰਾਫਟਿੰਗ ਟਰਿਪ” ‘ਤੇ ਗਏ ਸਨ। ਡਾ ਹਾਰਕਰ ਦੀ ਸਾਲੀ ਸ਼ਾਰੋਨ ਨਿਊ ਯੋਂਗ ਨੇ ਕਿਹਾ ਹੈ ਕਿ ਇਸ ਦਰਿਆ ਵਿਚ ਹਰ ਸਾਲ ਮੌਜ ਮਸਤੀ ਕਰਨ ਲਈ ਲੋਕ ਜਾਂਦੇ ਹਨ ਪਰੰਤੂ ਇਸ ਵਾਰ ਜਿਆਦਾ ਬਾਰਿਸ਼ ਹੋਣ ਕਾਰਨ ਦਰਿਆ ਵਿਚ ਪਾਣੀ ਵਧੇਰੇ ਹੈ ਤੇ ਪਾਣੀ ਦੀਆਂ ਛੱਲਾਂ ਬਹੁਤ ਜੋਰਦਾਰ ਹਨ। ਉਨਾਂ ਕਿਹਾ ਕਿ ਜਿਸ ਕਿਸ਼ਤੀ ਉਪਰ ਡਾ ਡਸਟਿਨ ਤੇ ਉਸ ਦੇ 3 ਬੱਚੇ ਸਵਾਰ ਸਨ, ਉਹ ਬਹੁਤ ਬੁਰੀ ਤਰਾਂ ਪਾਣੀ ਵਿਚ ਫਸ ਕੇ ਉਲਟ ਗਈ। ਡਾ ਡਸਟਿਨ ਨੇ ਬੱਚਿਆਂ ਨੂੰ ਬਚਾਉਣ ਲਈ ਆਪਣੀ ਜਿੰਦਗੀ ਦਾਅ ‘ਤੇ ਲਾ ਦਿੱਤੀ । ਸਾਰੇ ਬੱਚੇ ਸੁਰੱਖਿਅਤ ਬਾਹਰ ਕੱਢ ਲਏ ਗਏ ਪਰੰਤੂ ਡਸਟਿਨ ਬੇਹੋਸ਼ ਹੋ ਗਿਆ। ਉਸ ਨੂੰ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ।