ਬਾਜਵਾ ਵੱਲੋਂ ਆਪਣੇ ਸੋਸ਼ਲ ਪੇਜ ‘ਤੇ ਕੈਰੋਂ ਨਾਲ ਪਾਈ ਫੋਟੋ ਤੋਂ ਬਾਅਦ ਪੱਟੀ ਹਲਕੇ ਦੀ ਸਿਆਸਤ ਗਰਮਾਈ
ਪੱਟੀ, 27 ਨਵੰਬਰ (ਪੰਜਾਬ ਮੇਲ)- ਸਾਬਕਾ ਕੈਬਨਿਟ ਮੰਤਰੀ ਗੁਰਚੇਤ ਸਿੰਘ ਭੁੱਲਰ ਦੇ ਪੋਤਰੇ ਦੇ ਵਿਆਹ ‘ਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿਆਹ ਦੌਰਾਨ ਸਾਬਕਾ ਕੈਬਨਿਟ ਮੰਤਰੀ ਆਦੇਸ਼ਪ੍ਰਤਾਪ ਸਿੰਘ ਨਾਲ ਇਕੱਠਿਆਂ ਖਿੱਚੀ ਗਈ ਫੋਟੋ ਨੂੰ ਆਪਣੇ ਨਿੱਜੀ ਪੇਜ ‘ਤੇ ਸਾਂਝੀ ਕਰਨ ਤੋਂ ਬਾਅਦ ਜਿਥੇ ਬਾਜਵਾ ਅਤੇ ਕੈਰੋਂ ਦਰਮਿਆਨ ਵਧੀਆਂ ਨਜ਼ਦੀਕੀਆਂ ਤੋਂ ਬਾਅਦ ਕੈਰੋਂ ਵਲੋਂ ਕਾਂਗਰਸ ਪਾਰਟੀ ਵਿਚ ਜਾਣ ਦੀਆਂ ਕਿਆਸ-ਅਰਾਈਆਂ ਦਾ ਬਾਜ਼ਾਰ ਤਰਨ ਤਾਰਨ ਜ਼ਿਲ੍ਹੇ ਵਿਚ ਗਰਮ ਚੱਲ ਰਿਹਾ ਸੀ, ਉਥੇ ਹੀ ਵਿਧਾਨ ਸਭਾ ਹਲਕਾ ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕੈਰੋਂ ਪਰਿਵਾਰ ਦੀ ਸਿਆਸਤ ‘ਤੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਆਪਣੇ ਹਲਕੇ ਦੇ ਵੋਟਰਾਂ ਨੂੰ ਸੁਚੇਤ ਕੀਤਾ।
ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਗਿੱਲ ਜੋ ਪਿਛਲੇ ਦਿਨਾਂ ਤੋਂ ਕੈਰੋਂ ਪਰਿਵਾਰ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਿਲ ਨਾ ਕਰਨ ਦੇ ਬਿਆਨ ਦੇ ਰਹੇ ਹਨ, ਉਥੇ ਹੀ ਮੁੜ ਸੋਸ਼ਲ ਮੀਡੀਆ ਰਾਹੀਂ ਜੋਸ਼ ਤੇ ਭਾਵੁਕ ਲਹਿਜੇ ਵਿਚ ਗਿੱਲ ਵੱਲੋਂ ਕੈਰੋਂ ਪਰਿਵਾਰ ਵਿਰੁੱਧ ਦਿੱਤੇ ਗਏ ਬਿਆਨ ‘ਤੇ ਸ਼ਬਦੀ ਜੰਗ ਤੋਂ ਇਹ ਤਾਂ ਸਪੱਸ਼ਟ ਹੋ ਰਿਹਾ ਹੈ ਕਿ ਕੈਰੋਂ ਨੂੰ ਅਕਾਲੀ ਦਲ ਵਿਚੋਂ ਲੋਕ ਸਭਾ ਚੋਣਾਂ ਦੌਰਾਨ ਪ੍ਰੋ. ਵਿਰਸਾ ਸਿੰਘ ਸਿੰਘ ਵਲਟੋਹਾ ਦੇ ਹੱਕ ‘ਚ ਪ੍ਰਚਾਰ ਨਾ ਕਰਨ ਦੇ ਵਿਰੋਧ ਵਿਚ ਬਰਖਾਸਤ ਕਰਨ ਤੋਂ ਬਾਅਦ ਕੈਰੋਂ ਵਲੋਂ ਸਿਆਸਤ ਵਿਚ ਖਾਮੋਸ਼ ਰਹਿਣ ਤੋਂ ਬਾਅਦ ਜਾਂ ਪਹਿਲਾਂ ਕਾਂਗਰਸ ਹਾਈਕਮਾਨ ਅਤੇ ਕੈਰੋਂ ਪਰਿਵਾਰ ਵਿਚਕਾਰ ਨਜ਼ਦੀਕੀਆਂ ਜ਼ਰੂਰ ਵੱਧ ਚੁੱਕੀਆਂ ਹਨ ਤੇ ਹਲਕੇ ਪੱਟੀ ਵਿਚ ਕਾਂਗਰਸ ਅਤੇ ਕੈਰੋਂ ਪਰਿਵਾਰ ਦੇ ਸਮਰਥਕਾਂ ਵਿਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਕੈਰੋਂ ਪਰਿਵਾਰ ਆਪਣੀ ਪੁਰਖਿਆਂ ਦੀ ਪਾਰਟੀ ਕਾਂਗਰਸ ਵਿਚ ਕਿਸੇ ਵੇਲੇ ਵੀ ਵਾਪਸੀ ਕਰ ਸਕਦੇ ਹਨ, ਜਿਸ ਦੇ ਸੰਕੇਤ ਪਿਛਲੇ ਦਿਨੀਂ ਆਦੇਸ਼ਪ੍ਰਤਾਪ ਸਿੰਘ ਕੈਰੋਂ ਵਲੋਂ ਹਲਕੇ ਵਿਚ ਆਪਣੇ ਆਗੂਆਂ ਨਾਲ ਕੀਤੀਆਂ ਗਈਆਂ ਸਿਆਸਤ ਸੰਬੰਧੀ ਗੁਪਤ ਚਰਚਾਵਾਂ ਤੋਂ ਲਗਾਏ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਜੇਕਰ ਕੈਰੋਂ ਪਰਿਵਾਰ ਕਾਂਗਰਸ ਪਾਰਟੀ ਵਿਚ ਵਾਪਸੀ ਕਰਦੇ ਹਨ ਤਾਂ ਜ਼ਿਲ੍ਹਾ ਤਰਨ ਤਾਰਨ ਦੀਆਂ ਚਾਰੇ ਸੀਟਾਂ ‘ਤੇ ਸਿਆਸੀ ਸਮੀਕਰਨਾਂ ਵਿਚ ਵੱਡੇ ਭੁਚਾਲ ਆ ਸਕਦੇ ਹਨ।