#PUNJAB

ਆਜ਼ਾਦੀ ਘੁਲਾਟੀਏ ਅਤੇ ਜਵਾਈ ਨੂੰ ‘ਗਾਇਬ’ ਕਰਨ ਦੇ 32 ਸਾਲ ਪੁਰਾਣੇ ਕੇਸ ‘ਚ ਸਾਬਕਾ ਐੱਸ. ਐੱਚ. ਓ. ਦੋਸ਼ੀ ਕਰਾਰ

ਮੋਹਾਲੀ ਦੀ ਸੀ. ਬੀ. ਆਈ. ਅਦਾਲਤ 23 ਨੂੰ ਸੁਣਾਏਗੀ ਸਜ਼ਾ
ਐੱਸ.ਏ.ਐੱਸ. ਨਗਰ (ਮੋਹਾਲੀ), 19 ਦਸੰਬਰ (ਪੰਜਾਬ ਮੇਲ)- ਇਥੋਂ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ 32 ਸਾਲ ਪੁਰਾਣੇ ਅਗਵਾ, ਗ਼ੈਰ-ਕਾਨੂੰਨੀ ਹਿਰਾਸਤ ਅਤੇ ਲਾਪਤਾ ਕਰਨ ਦੇ ਮਾਮਲੇ ‘ਚ ਥਾਣਾ ਸਰਹਾਲੀ (ਤਰਨ ਤਾਰਨ) ਦੇ ਤਤਕਾਲੀ ਐੱਸ.ਐੱਚ.ਓ. ਸੁਰਿੰਦਰਪਾਲ ਸਿੰਘ ਨੂੰ ਧਾਰਾ 120-ਬੀ, 342, 364, 365 ਤਹਿਤ ਦੋਸ਼ੀ ਕਰਾਰ ਦਿੱਤਾ ਹੈ। ਉਸ ਨੂੰ 23 ਦਸੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਜੇਲ੍ਹ ਵਿਚ ਬੰਦ ਸੁਰਿੰਦਰਪਾਲ ਸਿੰਘ ਨੇ ਵੀਡੀਓ ਕਾਨਫ਼ਰੰਸ ਰਾਹੀਂ ਅਦਾਲਤ ਵਿਚ ਪੇਸ਼ੀ ਭੁਗਤੀ।
ਸਾਬਕਾ ਐੱਸ.ਐੱਚ.ਓ. ਸੁਰਿੰਦਰਪਾਲ ਸਿੰਘ ‘ਤੇ ਸੁਤੰਤਰਤਾ ਸੈਨਾਨੀ ਸੁਲੱਖਣ ਸਿੰਘ ਵਾਸੀ ਭਨਕਾ ਅਤੇ ਉਸ ਦੇ ਜਵਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੋਪੋਕੇ (ਤਰਨ ਤਾਰਨ) ਦੇ ਵਾਈਸ ਪ੍ਰਿੰਸੀਪਲ ਸੁਖਦੇਵ ਸਿੰਘ ਨੂੰ 31 ਅਕਤੂਬਰ 1990 ਨੂੰ ਨਾਜਾਇਜ਼ ਹਿਰਾਸਤ ‘ਚ ਲੈਣ ਦਾ ਦੋਸ਼ ਹੈ। ਸੁਲੱਖਣ ਸਿੰਘ ਆਜ਼ਾਦੀ ਲਹਿਰ ਦੌਰਾਨ ਬਾਬਾ ਸੋਹਣ ਸਿੰਘ ਭਕਨਾ ਦੇ ਨਜ਼ਦੀਕੀ ਸਾਥੀਆਂ ‘ਚੋਂ ਇਕ ਸਨ।
ਪੀੜਤ ਪਰਿਵਾਰ ਦੇ ਵਕੀਲਾਂ ਜਗਜੀਤ ਸਿੰਘ ਬਾਜਵਾ, ਸਰਬਜੀਤ ਸਿੰਘ ਵੇਰਕਾ ਅਤੇ ਪੁਸ਼ਪਿੰਦਰ ਸਿੰਘ ਨੱਤ ਨੇ ਦੱਸਿਆ ਕਿ ਜਿਸ ਥਾਣੇਦਾਰ ਏ.ਐੱਸ.ਆਈ. ਅਵਤਾਰ ਸਿੰਘ ਨੇ ਦੋਵਾਂ ਨੂੰ ਚੁੱਕਿਆ ਸੀ, ਉਸ ਨੇ ਪੀੜਤ ਪਰਿਵਾਰ ਨੂੰ ਇਹ ਦੱਸਿਆ ਸੀ ਕਿ ਸੁਲੱਖਣ ਸਿੰਘ ਅਤੇ ਸੁਖਦੇਵ ਸਿੰਘ ਨੂੰ ਐੱਸ.ਐੱਚ.ਓ. ਸੁਰਿੰਦਰਪਾਲ ਸਿੰਘ ਨੇ ਪੁੱਛ-ਪੜਤਾਲ ਲਈ ਸੱਦਿਆ ਹੈ। ਬਾਅਦ ਵਿਚ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਾ। ਸਾਲ 2003 ‘ਚ ਕੁਝ ਪੁਲਿਸ ਮੁਲਾਜ਼ਮਾਂ ਨੇ ਵਾਈਸ ਪ੍ਰਿੰਸੀਪਲ ਸੁਖਦੇਵ ਸਿੰਘ ਦੀ ਪਤਨੀ ਸੁਖਵੰਤ ਕੌਰ ਨਾਲ ਸੰਪਰਕ ਕਰਕੇ ਉਸ ਦੇ ਖਾਲੀ ਦਸਤਾਵੇਜ਼ਾਂ ‘ਤੇ ਦਸਖ਼ਤ ਕਰਵਾ ਲਏ ਅਤੇ ਕੁਝ ਦਿਨਾਂ ਬਾਅਦ ਉਸ ਨੂੰ ਸੁਖਦੇਵ ਸਿੰਘ ਦਾ ਮੌਤ ਦਾ ਸਰਟੀਫਿਕੇਟ ਸੌਂਪ ਦਿੱਤਾ, ਜਿਸ ਵਿਚ 8 ਜੁਲਾਈ 1993 ਨੂੰ ਉਸ ਦੀ ਮੌਤ ਦਾ ਜ਼ਿਕਰ ਕੀਤਾ ਗਿਆ ਸੀ।
ਪੀੜਤ ਪਰਿਵਾਰ ਅਨੁਸਾਰ ਸੁਖਦੇਵ ਸਿੰਘ ਅਤੇ ਸੁਲੱਖਣ ਸਿੰਘ ਦੀ ਮੌਤ ਤਸ਼ੱਦਦ ਕਾਰਨ ਹੋਈ ਸੀ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਹਰੀਕੇ ਨਹਿਰ ‘ਚ ਸੁੱਟ ਦਿੱਤੀਆਂ ਸਨ। ਮੁੱਢਲੀ ਪੁੱਛ-ਪੜਤਾਲ ਦੌਰਾਨ ਸੀ.ਬੀ.ਆਈ. ਨੇ 20 ਨਵੰਬਰ 1996 ਨੂੰ ਸੁਖਵੰਤ ਕੌਰ ਦੇ ਬਿਆਨ ਦਰਜ ਕੀਤੇ, ਜਿਸ ਦੇ ਆਧਾਰ ‘ਤੇ 6 ਮਾਰਚ 1997 ਨੂੰ ਉਸ ਸਮੇਂ ਦੇ ਐੱਸ.ਐੱਚ.ਓ. ਸੁਰਿੰਦਰਪਾਲ ਸਿੰਘ ਅਤੇ ਏ.ਐੱਸ.ਆਈ. ਅਵਤਾਰ ਸਿੰਘ ਸਮੇਤ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। 2000 ਵਿਚ ਸੀ.ਬੀ.ਆਈ. ਨੇ ਕਲੋਜ਼ਰ ਰਿਪੋਰਟ ਦਾਇਰ ਕੀਤੀ, ਜਿਸ ਨੂੰ ਸੀ.ਬੀ.ਆਈ. ਕੋਰਟ ਪਟਿਆਲਾ ਨੇ 2002 ‘ਚ ਰੱਦ ਕਰ ਦਿੰਦਿਆਂ ਜਾਂਚ ਦੇ ਹੁਕਮ ਦਿੱਤੇ। 2009 ‘ਚ ਸੀ.ਬੀ.ਆਈ. ਨੇ ਸੁਰਿੰਦਰਪਾਲ ਤੇ ਅਵਤਾਰ ਸਿੰਘ ਖ਼ਿਲਾਫ਼ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਸੀ।
ਦੋਸ਼ੀ ਸੁਰਿੰਦਰਪਾਲ ਸਿੰਘ, ਜਸਵੰਤ ਸਿੰਘ ਖਾਲੜਾ ਕਤਲ ਕੇਸ ਵਿਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਪਿੰਡ ਜੀਓ ਬਾਲਾ (ਤਰਨਤਾਰਨ) ਦੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਅਗਵਾ ਕਰਕੇ ਲਾਪਤਾ ਕਰਨ ਦੇ ਮਾਮਲੇ ਵਿਚ ਵੀ ਉਸ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਮਾਮਲੇ ਵਿਚ ਸ਼ਾਮਲ ਏ.ਐੱਸ.ਆਈ. ਅਵਤਾਰ ਸਿੰਘ ਦੀ ਮੌਤ ਹੋ ਚੁੱਕੀ ਹੈ।