#AMERICA

ਆਖਰ ਟਰੰਪ ਵੱਲੋਂ ਅਮਰੀਕੀ ਰਾਸ਼ਟਰਪਤੀ ਦੀਆਂ ਪ੍ਰਾਇਮਰੀ ਚੋਣਾਂ ਲਈ ਅਰਜ਼ੀ ਦਾਖਲ

ਕੌਨਕੌਰਡ, 25 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਦੀਆਂ ਪ੍ਰਾਇਮਰੀ ਚੋਣਾਂ ਲਈ ਟਰੰਪ ਵੱਲੋਂ ਆਪਣੀ ਅਰਜ਼ੀ ਦਾਖਲ ਕਰ ਦਿੱਤੀ ਗਈ ਹੈ। ਉਨ੍ਹਾਂ ਨਿਊ ਹੈਂਪਸ਼ਾਇਰ ਤੋਂ ਇਸ ਦੇ ਲਈ ਆਪਣੇ ਕਾਗਜ਼ ਦਾਖਲ ਕੀਤੇ। ਰਾਸ਼ਟਰਪਤੀ ਦੀਆਂ ਪ੍ਰਾਇਮਰੀ ਚੋਣਾਂ ਲਈ ਆਪਣੀ ਦਾਅਵੇਦਾਰੀ ਦੀ ਰਜਿਸਟਰੇਸ਼ਨ ਕਰਾਉਣ ਤੋਂ ਬਾਅਦ ਟਰੰਪ ਨੇ ਨਿਊ ਹੈਂਪਸ਼ਾਇਰ ਵਿਖੇ ਇਕ ਰੈਲੀ ਵੀ ਕੀਤੀ, ਜਿੱਥੇ ਉਨ੍ਹਾਂ ਜੰਮ ਕੇ ਵਿਰੋਧੀ ਧਿਰ ਨੂੰ ਭੰਡਿਆ ਅਤੇ ਕਿਹਾ ਕਿ ਮੇਰੇ ‘ਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਟਰੰਪ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦੇ ਮੋਹਰੀ ਉਮੀਦਵਾਰ ਹਨ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਰਿਪਬਲਿਕਨ ਪਾਰਟੀ ਨਾਲ ਸੰਬੰਧਤ ਹਨ ਅਤੇ ਇਸ ਪਾਰਟੀ ਵੱਲੋਂ ਹੁਣ ਤੱਕ ਡੋਨਾਲਡ ਟਰੰਪ ਤੋਂ ਇਲਾਵਾ ਭਾਰਤੀ ਮੂਲ ਦੇ ਨਿੱਕੀ ਹੈਲੀ ਅਤੇ ਵਿਵੇਕ ਰਾਮਾਸਵਾਮੀ ਦੇ ਨਾਲ-ਨਾਲ ਸਾਬਕਾ ਉਪ ਰਾਸ਼ਟਰਪਤੀ ਮਾਈਕ ਪੇਂਸ, ਫਲੋਰੀਡਾ ਸਟੇਟ ਦੇ ਗਵਰਨਰ ਰੋਨ ਡੀਸਾਟਿੰਸ, ਸਾਊਥ ਕੈਰੋਲੀਨਾ ਤੋਂ ਸੈਨੇਟਰ ਟਿਮ ਸਕਾਟ, ਨਿਊਜਰਸੀ ਦੇ ਸਾਬਕਾ ਗਵਰਨਰ ਕ੍ਰਿਸ ਕ੍ਰਿਸਟੀ, ਨੌਰਥ ਡਕੌਟਾ ਦੇ ਗਵਰਨਰ ਡਗ ਬਰਗਮ, ਅਰਕੰਸਾਸ ਦੇ ਸਾਬਕਾ ਗਰਵਰਨਰ ਅਤਾ ਹਿਚੀਨਸਨ, ਰੇਡੀਓ ਹੋਸਟ ਲੈਰੀ ਐਲਡਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਪੈਰੀ ਜਾਨਸਨ, ਵਿਲ ਹਰਡ ਅਤੇ ਫਰਾਂਸਿਸ ਸੁਆਰਜ਼ ਨੇ ਰਾਸ਼ਟਰਪਤੀ ਚੋਣਾਂ ਲਈ ਆਪਣੀ ਦਾਅਵੇਦਾਰੀ ਵਾਪਸ ਲੈ ਲਈ ਹੈ।
ਜ਼ਿਕਰਯੋਗ ਹੈ ਕਿ ਇਸ ਵੇਲੇ ਟਰੰਪ ਨੂੰ ਚਾਰ ਅਪਰਾਧਿਕ ਮਾਮਲਿਆਂ ਦੇ ਨਾਲ-ਨਾਲ ਦੀਵਾਨੀ ਮਾਮਲਿਆਂ ਦੀ ਸੁਣਵਾਈ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ‘ਤੇ ਸੰਪਤੀਆਂ ਬਾਰੇ ਗਲਤ ਜਾਣਕਾਰੀ ਦੇਣ, 2016 ਦੀਆਂ ਚੋਣਾਂ ਦੌਰਾਨ ਔਰਤਾਂ ਨੂੰ ਕੀਤੇ ਗਏ ਪੈਸੇ ਦੇ ਗੁਪਤ ਭੁਗਤਾਨ ਨੂੰ ਗਲਤ ਤਰੀਕੇ ਨਾਲ ਦਰਸਾਉਣ ਤੇ 2020 ਦੀਆਂ ਚੋਣਾਂ ‘ਚ ਆਪਣੀ ਹਾਰ ਨੂੰ ਗੈਰਕਾਨੂੰਨੀ ਢੰਗ ਨਾਲ ਪਲਟਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹਨ।

Leave a comment