#PUNJAB

ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ; ਭਾਰਤੀ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਕਪਤਾਨ ਹਰਮਨਪ੍ਰੀਤ ਕੌਰ ‘ਤੇ ਡਿੱਗ ਸਕਦੀ ਹੈ ਗਾਜ਼

ਜਲੰਧਰ, 17 ਅਕਤੂਬਰ (ਪੰਜਾਬ ਮੇਲ)- ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ‘ਚੋਂ ਭਾਰਤੀ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਰਨ ਵਾਲੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ‘ਤੇ ਗਾਜ਼ ਡਿੱਗ ਸਕਦੀ ਹੈ। ਹਰਮਨਪ੍ਰੀਤ ਦੀ ਕਪਤਾਨੀ ‘ਚ ਟੀਮ ਇੰਡੀਆ ਲੀਗ ਦੌਰ ‘ਚੋਂ ਬਾਹਰ ਹੋ ਗਈ ਹੈ। ਪਿਛਲੇ ਕਈ ਵੱਡੇ ਟੂਰਨਾਮੈਂਟਾਂ ‘ਚ ਭਾਰਤੀ ਟੀਮ ਨੂੰ ਨਿਰਾਸ਼ਾ ਹੱਥ ਲੱਗੀ ਹੈ। ਆਈ. ਸੀ. ਸੀ. ਈਵੈਂਟਸ ‘ਚ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਆਸਟਰੇਲੀਆ ਸਭ ਤੋਂ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣ ਗਈ ਸੀ।
ਪਿਛਲੇ ਕਈ ਸਾਲਾਂ ਤੋਂ ਭਾਰਤ ਤੇ ਟਰਾਫੀ ਦਰਮਿਆਨ ਇਹ ਟੀਮ ਇਕ ਦੀਵਾਰ ਬਣ ਗਈ ਸੀ, ਜਿਸ ਨੂੰ ਪਾਰ ਕਰਨਾ ਹਰਮਨਪ੍ਰੀਤ ਦੀ ਅਗਵਾਈ ਵਾਲੀ ਟੀਮ ਲਈ ਨਾਮੁਮਕਿਨ ਬਣ ਗਿਆ ਸੀ। ਹੁਣ ਮਹਿਲਾ ਟੀ-20 ਵਿਸ਼ਵ ਕੱਪ 2024 ਦੀ ਗਰੁੱਪ ਸਟੇਜ ਤੋਂ ਬਾਹਰ ਹੋਣ ਤੋਂ ਬਾਅਦ ਟੀਮ ਦੀ ਕਪਤਾਨ ‘ਤੇ ਐਕਸ਼ਨ ਲਿਆ ਜਾ ਸਕਦਾ ਹੈ। ਹੁਣ ਬੀ. ਸੀ. ਸੀ. ਆਈ. ਇਸ ਨੂੰ ਹਟਾ ਕੇ ਨਵਾਂ ਕਪਤਾਨ ਚੁਣ ਸਕਦੀ ਹੈ। ਇਸ ਲਈ ਦੋ ਖਿਡਾਰਨਾਂ ਨੂੰ ਵੱਡੇ ਦਾਅਵੇਦਾਰ ਮੰਨੀਆਂ ਜਾ ਰਹੀਆਂ ਹਨ। ਹਰਮਨਪ੍ਰੀਤ ਕੌਰ ਦੀ ਉੱਤਰਾਧਿਕਾਰੀ ਵਜੋਂ ਸਮਰਿਤੀ ਮੰਧਾਨਾ ਹੈ, ਪਰ ਜੇਮਿਮਾ ਰੋਡਰਿਗਜ਼ ਵੀ ਉਸ ਤੋਂ ਵੱਡੀ ਦਾਅਵੇਦਾਰ ਮੰਨੀ ਜਾ ਰਹੀ ਹੈ।
ਮਿਤਾਲੀ ਰਾਜ ਵੱਲੋਂ ਇਸ ਨਾਂ ਨੂੰ ਸਪੋਰਟ ਕਰਨ ਕਰਕੇ ਕ੍ਰਿਕਟ ਜਗਤ ‘ਚ ਹਲਚਲ ਤੇਜ਼ ਹੋ ਗਈ ਹੈ। ਮਹਿਲਾ ਟੀ-20 ਵਿਸ਼ਵ ਕੱਪ 2024 ‘ਚ ਭਾਰਤੀ ਮਹਿਲਾ ਟੀਮ ਦੇ ਬਾਹਰ ਹੋਣ ਤੋਂ ਬਾਅਦ ਸਾਬਕਾ ਕਪਤਾਨ ਮਿਤਾਲੀ ਰਾਜ ਨੇ ਕਿਹਾ ਕਿ ਜੇਕਰ ਭਾਰਤੀ ਟੀਮ ਨਵੇਂ ਕਪਤਾਨ ਵੱਲ ਵੇਖ ਰਹੀ ਹੈ ਤਾਂ ਇਹ ਫੈਸਲਾ ਲੈਣ ਦਾ ਸਹੀ ਸਮਾਂ ਹੈ ਕਿਉਂਕਿ ਅਗਲੇ ਅਕਤੂਬਰ ‘ਚ ਵਨ-ਡੇਅ ਵਿਸ਼ਵ ਕੱਪ ਵੀ ਹੈ, ਜੇਕਰ ਹੁਣ ਵੀ ਕਪਤਾਨ ਨਾ ਬਦਲੀ ਤਾਂ ਬਹੁਤ ਦੇਰ ਹੋ ਜਾਵੇਗੀ। ਸਮਰਿਤੀ ਮੰਧਾਨਾ 2016 ਤੋਂ ਉੱਪ ਕਪਤਾਨ ਵੀ ਹੈ ਤੇ ਉਹ ਚੰਗਾ ਬਦਲ ਹੈ ਪਰ ਮੈਂ ਜੇਮਿਮਾ ਨਾਲ ਜਾਵਾਂਗੀ, ਕਿਉਂਕਿ ਉਹ 24 ਸਾਲ ਦੀ ਨੌਜਵਾਨ ਖਿਡਾਰਨ ਹੈ। ਮੰਧਾਨਾ ਦੀ ਉਮਰ ਅਜੇ 28 ਸਾਲ ਹੈ ਤੇ ਉਹ ਵਨ-ਡੇਅ ਤੇ ਟੀ-20 ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟ ਖੇਡ ਚੁੱਕੀ ਹੈ ਤੇ ਇਸ ਦਾ ਮਤਲਬ ਹੈ, ਉਹ ਤਜਰਬੇਕਾਰ ਵੀ ਹੈ ਅਤੇ ਵੱਧ ਸਮੇਂ ਤੱਕ ਟੀਮ ਦੀ ਅਗਵਾਈ ਕਰ ਸਕਦੀ ਹੈ। ਪਰ ਇਸ ਵੇਲੇ ਮਿਡਲ ਆਰਡਰ ਦੀ ਬੱਲੇਬਾਜ਼ ਜੇਮਿਮਾ ਰੋਡਰਿਗਜ ਨੂੰ ਮੰਧਾਨਾ ਨਾਲੋਂ ਵੱਡਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਹੁਣ ਦੋਵਾਂ ਵਿਚੋਂ ਕਪਤਾਨ ਕੌਣ ਬਣੇਗਾ, ਇਹ ਵੇਖਣ ਵਾਲੀ ਗੱਲ ਹੈ ਪਰ ਕਪਤਾਨੀ ਨੂੰ ਲੈ ਕੇ ਬੀ. ਸੀ. ਸੀ. ਆਈ. ਫੇਰਬਦਲ ਕਰ ਸਕਦੀ ਹੈ, ਇਹ ਤਹਿ ਮੰਨਿਆ ਜਾ ਰਿਹਾ ਹੈ।