#AMERICA

ਆਈ.ਸੀ.ਈ. ਏਜੰਟਾਂ ਵੱਲੋਂ ਅਮਰੀਕੀ ਅਦਾਲਤਾਂ ‘ਚ ਹੀ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ!

-ਸੁਣਵਾਈ ਤੋਂ ਤੁਰੰਤ ਬਾਅਦ ਗ੍ਰਿਫ਼ਤਾਰ ਕਰਕੇ ਕੀਤੇ ਜਾ ਰਿਹੈ ਡਿਪੋਰਟ
-20 ਤੋਂ ਵੱਧ ਰਾਜਾਂ ਦੀਆਂ ਅਦਾਲਤਾਂ ‘ਚ ਏਜੰਟ ਤਾਇਨਾਤ
ਵਾਸ਼ਿੰਗਟਨ, 28 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਵਾਸੀਆਂ ਪ੍ਰਤੀ ਸਖ਼ਤ ਨੀਤੀ ਅਪਣਾਈ ਹੋਈ ਹੈ। ਇਸ ਨੀਤੀ ਨੂੰ ਸਫਲ ਬਣਾਉਣ ਲਈ ਅਮਰੀਕਾ ਦੀਆਂ ਇਮੀਗ੍ਰੇਸ਼ਨ ਅਦਾਲਤਾਂ ਹੁਣ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਏਜੰਟਾਂ ਲਈ ਨਵਾਂ ਅੱਡਾ ਬਣ ਗਈਆਂ ਹਨ, ਜਿਥੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸੁਣਵਾਈ ਤੋਂ ਤੁਰੰਤ ਬਾਅਦ ਗ੍ਰਿਫ਼ਤਾਰ ਕਰਕੇ ਡਿਪੋਰਟ ਕੀਤਾ ਜਾ ਰਿਹਾ ਹੈ। ਟਰੰਪ ਪ੍ਰਸ਼ਾਸਨ ਵੱਲੋਂ ਲਾਗੂ ਕੀਤੀ ਨਵੀਂ ਨੀਤੀ ਅਧੀਨ ਆਈ.ਸੀ.ਈ. ਅਧਿਕਾਰੀ ਜੱਜ ਵੱਲੋਂ ਦੇਸ਼ ਨਿਕਾਲੇ ਦਾ ਹੁਕਮ ਆਉਣ ਜਾਂ ਸਰਕਾਰੀ ਵਕੀਲ ਕੇਸ ਖਤਮ ਕਰਨ ਦੀ ਅਰਜ਼ੀ ਦੇਣ ‘ਤੇ ਤੁਰੰਤ ਹੀ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲੈ ਰਹੇ ਹਨ। ਇਹ ਨੀਤੀ ਅਕਸਰ ਉਨ੍ਹਾਂ ਲੋਕਾਂ ਲਈ ਮੁਸੀਬਤ ਬਣ ਗਈ ਹੈ, ਜੋ ਕਾਨੂੰਨੀ ਕਾਰਵਾਈ ਵਿਚ ਪੂਰੀ ਤਰ੍ਹਾਂ ਸਹਿਯੋਗ ਦੇ ਰਹੇ ਹਨ।
ਆਈ.ਸੀ.ਈ. ਦੇ ਨਕਾਬਪੋਸ਼ ਏਜੰਟ 20 ਤੋਂ ਵੱਧ ਰਾਜਾਂ ਦੀਆਂ ਅਦਾਲਤਾਂ ਜਿਵੇਂ ਐਰੀਜ਼ੋਨਾ, ਵਰਜੀਨੀਆ ਆਦਿ ਵਿਚ ਤਾਇਨਾਤ ਹਨ, ਜੋ ਸੁਣਵਾਈ ਖਤਮ ਹੋਣ ‘ਤੇ ਤੁਰੰਤ ਗ੍ਰਿਫ਼ਤਾਰੀ ਕਰਦੇ ਹਨ। ਕਈ ਕੇਸਾਂ ਵਿਚ ਜਿੱਥੇ ਪਹਿਲਾਂ ਕੇਸ ਖਤਮ ਹੋਣਾ ਰਾਹਤ ਦਾ ਕਾਰਨ ਹੁੰਦਾ ਸੀ, ਹੁਣ ਆਈ.ਸੀ.ਈ. ਉਨ੍ਹਾਂ ਵਿਅਕਤੀਆਂ ਨੂੰ ਬਾਹਰ ਨਿਕਲਦਿਆਂ ਹੀ ਫੜ ਲੈਂਦੇ ਹਨ। ਇਹ ਗ੍ਰਿਫ਼ਤਾਰੀਆਂ ਸਿਰਫ਼ ਅਪਰਾਧਿਕ ਪਿਛੋਕੜ ਵਾਲਿਆਂ ਤੱਕ ਸੀਮਤ ਨਹੀਂ ਹਨ, ਸਗੋਂ ਸ਼ਰਣ ਮੰਗਣ ਵਾਲਿਆਂ, ਬਿਨਾਂ ਵਕੀਲਾਂ ਵਾਲਿਆਂ ਅਤੇ ਸਾਫ਼ ਰਿਕਾਰਡ ਵਾਲਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਤਰੀਕੇ ਨੇ ਪ੍ਰਵਾਸੀ ਭਾਈਚਾਰੇ ਵਿਚ ਡਰ ਅਤੇ ਭੰਬਲਭੂਸਾ ਪੈਦਾ ਕਰ ਦਿੱਤਾ ਹੈ। ਕਈ ਲੋਕ ਜੋ ਨਿਯਮਤ ਜਾਂਚ ਜਾਂ ਸਕਾਰਾਤਮਕ ਨਤੀਜੇ ਦੀ ਉਮੀਦ ਨਾਲ ਅਦਾਲਤ ਪਹੁੰਚਦੇ ਸਨ, ਉਹ ਅਦਾਲਤ ਤੋਂ ਨਿਕਲਦੇ ਹੀ ਹਿਰਾਸਤ ਵਿਚ ਲਏ ਜਾ ਰਹੇ ਹਨ। ਇਕ ਸਮਾਚਾਰ ਏਜੰਸੀ ਮੁਤਾਬਕ ਇਹ ਕਾਰਵਾਈ ਉਨ੍ਹਾਂ ਲੋਕਾਂ  ਨੂੰ ਨਿਸ਼ਾਨਾ ਬਣਾ ਰਹੀ ਹੈ, ਜੋ ਦੋ ਸਾਲਾਂ ਤੋਂ ਘੱਟ ਸਮੇਂ ਤੋਂ ਦੇਸ਼ ਵਿਚ ਰਹਿ ਰਹੇ ਹਨ।
ਪ੍ਰਵਾਸੀ ਅਧਿਕਾਰਾਂ ਲਈ ਕੰਮ ਕਰ ਰਹੇ ਵਕੀਲਾਂ ਨੇ ਚਿੰਤਾ ਜਤਾਈ ਹੈ ਕਿ ਇਹ ਰਣਨੀਤੀ ਕਾਨੂੰਨੀ ਪ੍ਰਕਿਰਿਆ ‘ਤੇ ਭਰੋਸਾ ਘਟਾਉਂਦੀ ਹੈ ਅਤੇ ਲੋਕਾਂ ਨੂੰ ਜ਼ਰੂਰੀ ਸੁਣਵਾਈਆਂ ਤੋਂ ਦੂਰ ਕਰ ਸਕਦੀ ਹੈ। ਅਮਰੀਕਨ ਇਮੀਗ੍ਰੇਸ਼ਨ ਲਾਇਰਜ਼ ਐਸੋਸੀਏਸ਼ਨ ਨੇ ਅਦਾਲਤਾਂ ‘ਚ ਗ੍ਰਿਫ਼ਤਾਰੀਆਂ ਵਿਚ ਵਾਧੇ ਦੀ ਪੁਸ਼ਟੀ ਕੀਤੀ ਹੈ ਅਤੇ ਕੁਝ ਕਾਨੂੰਨੀ ਸੰਗਠਨ ਇਸ ਅਭਿਆਸ ਨੂੰ ਚੁਣੌਤੀ ਦੇਣ ਲਈ ਕਾਨੂੰਨੀ ਰਾਹਾਂ ਦੀ ਵੀ ਚਰਚਾ ਕਰ ਰਹੇ ਹਨ। ਟਰੰਪ ਪ੍ਰਸ਼ਾਸਨ ਨੇ ਇਸ ਨੀਤੀ ਨੂੰ ਨਜ਼ਰਬੰਦੀਆਂ ਅਤੇ ਡਿਪੋਰਟੇਸ਼ਨ ਦੀ ਪ੍ਰਕਿਰਿਆ ਤੇਜ਼ ਕਰਨ ਲਈ ਜਾਇਜ਼ ਠਹਿਰਾਇਆ ਹੈ, ਖਾਸ ਕਰਕੇ ਜਦੋਂ ਵੱਡੇ ਪੱਧਰ ‘ਤੇ ਦੇਸ਼ ਨਿਕਾਲਾ ਲਾਉਣ ਵਿਚ ਕਾਨੂੰਨੀ ਰੁਕਾਵਟਾਂ ਆ ਰਹੀਆਂ ਹਨ। ਇਹ ਗ੍ਰਿਫ਼ਤਾਰੀਆਂ ਸੰਘੀ ਇਮੀਗ੍ਰੇਸ਼ਨ ਲਾਗੂ ਕਰਨ ਵਿਚ ਵੱਡਾ ਵਾਧਾ ਹਨ, ਜੋ ਪ੍ਰਵਾਸੀਆਂ ਦੀ ਵੱਡੀ ਗਿਣਤੀ ਨੂੰ ਨਿਸ਼ਾਨਾ ਬਣਾਉਂਦੀਆਂ ਹਨ।