ਜਲੰਧਰ, 7 ਜੁਲਾਈ, (ਪੰਜਾਬ ਮੇਲ)- ਪੰਜਾਬ ਅੰਦਰ ਜਲੰਧਰ ਦੇ ਇਕ ਇਮੀਗ੍ਰੇਸ਼ਨ ਸੈਂਟਰ ਵੱਲੋਂ ਵਿਦੇਸ਼ ਭੇਜੇ ਸੈਂਕੜੇ ਵਿਦਿਆਰਥੀਆਂ ਨਾਲ ਕੀਤੀ ਧੋਖਾਧੜੀ ਨੂੰ ਸਖਤ ਲਹਿਜ਼ੇ ’ਚ ਲੈਂਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਦੀ ਜਾਂਚ ਪੜਤਾਲ ਦੇ ਦਿੱਤੇ ਸਖ਼ਤ ਹੁਕਮਾਂ ਤਹਿਤ ਜ਼ਿਲ੍ਹਾ ਡਿਪਟੀ ਕਮਿਸ਼ਨਰ ਮੋਗਾ ਵੱਲੋਂ ਨਿਹਾਲ ਸਿੰਘ ਵਾਲਾ ਦੇ ਐੱਸ. ਡੀ. ਐੱਮ. ਦੀ ਅਗਵਾਈ ਹੇਠ ਬਣਾਈ ਪ੍ਰਸ਼ਾਸਨ ਦੀ ਟੀਮ ਵੱਲੋਂ ਮੰਡੀ ਨਿਹਾਲ ਸਿੰਘ ਅੰਦਰ ਖੁੱਲੇ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਦੀ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਅਨੇਕਾਂ ਸੈਂਟਰ ਚਾਲਕ ਵਿਦਿਆਰਥੀਆਂ ਨੂੰ ਧੱਕੇ ਨਾਲ ਬਾਹਰ ਕੱਢ ਕੇ ਸੈਂਟਰਾਂ ਨੂੰ ਜਿੰਦਰੇ ਲਗਾ ਕੇ ਫਰਾਰ ਹੋ ਗਏ। ਇਸ ਮੌਕੇ ਨਿਹਾਲ ਸਿੰਘ ਵਾਲਾ-ਬਾਘਾ ਪੁਰਾਣਾ ਰੋਡ ’ਤੇ ਵੱਖ-ਵੱਖ ਸ਼ਹਿਰ ਦੀਆਂ ਗਲੀਆਂ ਅੰਦਰ ਚੱਲ ਰਹੇ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਦੀ ਛਾਪੇਮਾਰੀ ਕਰਦਿਆਂ ਕਾਗਜ਼-ਪੱਤਰਾਂ ਦੀ ਪੜਤਾਲ ਕੀਤੀ ਗਈ। ਜ਼ਿਕਰਯੋਗ ਹੈ ਕਿ ਜਿਉਂ ਆਈਲੈਟਸ ਅਤੇ ਇਮੀਗਰੇਸ਼ਨ ਸੈਂਟਰਾਂ ਦੇ ਪ੍ਰਬੰਧਕਾਂ ਨੂੰ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਚੈਕਿੰਗ ਦੀ ਭਿਣਕ ਮਿਲੀ ਤਾਂ ਕੁਝ ਗਿਣਤੀ ਦੇ ਆਈਲੈਟਸ ਸੈਂਟਰਾਂ ਦੇ ਪ੍ਰਬੰਧਕਾਂ ਨੂੰ ਛੱਡ ਕੇ ਵੱਡੀ ਪੱਧਰ ’ਤੇ ਆਈਲੈਟਸ ਸੈਂਟਰਾਂ ’ਚ ਪੜ੍ਹ ਰਹੇ ਬੱਚਿਆਂ ਨੂੰ ਸੈਂਟਰਾਂ ਵੱਲੋਂ ਚੋਰ-ਮੋਰੀਆਂ ਰਾਹੀਂ ਬਾਹਰ ਕੱਢਿਆ ਜਾ ਰਿਹਾ ਸੀ ਅਤੇ ਸੈਂਟਰਾਂ ਨੂੰ ਤਾਲੇ ਲਗਾ ਕੇ ਆਪ ਫੁਰਰ ਹੋ ਰਹੇ ਸਨ।