ਅੰਮ੍ਰਿਤਸਰ, 12 ਫਰਵਰੀ (ਪੰਜਾਬ ਮੇਲ)- ਪਾਕਿਸਤਾਨ ਦੇ ਇਕ ਪ੍ਰਸਿੱਧ ਅੰਗਰੇਜ਼ੀ ਤੇ ਉਰਦੂ ਅਖ਼ਬਾਰ ਸਮੂਹ ਦੀ ਸਰਵੇਖਣ ਰਿਪੋਰਟ ਅਨੁਸਾਰ ਲਗਭਗ ਅੱਧੇ ਪਾਕਿਸਤਾਨੀ ਜੰਗਬੰਦੀ ਤੋਂ ਬਾਅਦ ਸੰਬੰਧਾਂ ਨੂੰ ਆਮ ਬਣਾਉਣ ਲਈ ਭਾਰਤ ਨਾਲ ਵਪਾਰਕ ਸੰਬੰਧਾਂ ਨੂੰ ਵਧਾਉਣ ਦੇ ਹੱਕ ‘ਚ ਹਨ। ਹਾਲਾਂਕਿ, 35 ਫ਼ੀਸਦੀ ਪਾਕਿਸਤਾਨੀ ਇਸ ਪ੍ਰਸਤਾਵ ਦਾ ਵਿਰੋਧ ਕਰਦੇ ਹਨ ਅਤੇ ਮੰਗ ਕਰ ਰਹੇ ਹਨ ਕਿ ਵਪਾਰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਬਕਾਇਆ ਮੁੱਦਿਆਂ ਨੂੰ ਹੱਲ ਕੀਤਾ ਜਾਵੇ। ਇਨ੍ਹਾਂ ‘ਚ ਕਸ਼ਮੀਰ ਅਤੇ ਸਿੰਧੂ ਜਲ ਸੰਧੀ ਦਾ ਮੁੱਦਾ ਮੁੱਖ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸਰਵੇਖਣ ‘ਚ ਪਾਕਿ ਦੇ ਵੱਖ-ਵੱਖ ਸ਼ਹਿਰਾਂ ਤੋਂ ਚੁਣੇ ਗਏ ਸੈਂਕੜੇ ਕਾਰੋਬਾਰੀਆਂ, ਵਿਦਵਾਨਾਂ, ਪੱਤਰਕਾਰਾਂ, ਵਕੀਲਾਂ ਅਤੇ ਸਮਾਜਿਕ ਕਾਰਕੁੰਨਾਂ ਨੇ ਹਿੱਸਾ ਲਿਆ।
ਸਰਵੇਖਣ ਦੀ ਰਿਪੋਰਟ ਅਨੁਸਾਰ ਭਾਰਤ ਨਾਲ ਸੰਬੰਧਾਂ ਨੂੰ ਆਮ ਬਣਾਉਣ ਲਈ ਕਿਹੜੇ ਕਦਮ ਚੁੱਕੇ ਜਾਣੇ ਚਾਹੀਦੇ ਹਨ, ਇਸ ਸਵਾਲ ਦੇ ਜਵਾਬ ‘ਚ 48 ਫ਼ੀਸਦੀ ਪਾਕਿਸਤਾਨੀਆਂ ਨੇ ਖੇਡਾਂ ਦੇ ਖੇਤਰ ‘ਚ ਸਹਿਯੋਗ ਵਧਾਉਣ ਦਾ ਸਮਰਥਨ ਕੀਤਾ ਹੈ, 35 ਫ਼ੀਸਦੀ ਨੇ ਇਸ ਦਾ ਵਿਰੋਧ ਕੀਤਾ ਹੈ, 44 ਫ਼ੀਸਦੀ ਪਾਕਿਸਤਾਨੀਆਂ ਨੇ ਕਿਹਾ ਕਿ ਸਿੱਖਿਆ ਦੇ ਖੇਤਰ ‘ਚ ਸਹਿਯੋਗ ਵਧਾਇਆ ਜਾਣਾ ਚਾਹੀਦਾ ਹੈ, ਜਦਕਿ 36 ਫ਼ੀਸਦੀ ਨੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ। 40 ਫ਼ੀਸਦੀ ਨੇ ਸੱਭਿਆਚਾਰਕ ਸੰਬੰਧਾਂ ਨੂੰ ਵਧਾਉਣ ਲਈ ਵੋਟ ਦਿੱਤੀ, ਜਦਕਿ 35 ਫ਼ੀਸਦੀ ਨੇ ਖੁੱਲ੍ਹ ਕੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ।
ਸਰਵੇਖਣ ਦੀ ਰਿਪੋਰਟ ਮੁਤਾਬਕ ਇਸ ਸਵਾਲ ਦੇ ਜਵਾਬ ‘ਚ ਕਿ ਜੇਕਰ ਤੁਸੀਂ 1947 ‘ਚ ਹੁੰਦੇ ਤਾਂ ਕੀ ਤੁਸੀਂ ਭਾਰਤ ਤੋਂ ਵੱਖ ਹੋਣ ਦੇ ਹੱਕ ਵਿਚ ਹੁੰਦੇ? ਇਸ ‘ਤੇ 36 ਫ਼ੀਸਦੀ ਨੇ ਕਿਹਾ ਕਿ ਉਹ ਭਾਰਤ ਤੋਂ ਵੱਖ ਹੋਣ ਦੇ ਹੱਕ ‘ਚ ਵੋਟ ਪਾਉਂਦੇ, ਜਦਕਿ 30 ਫ਼ੀਸਦੀ ਨੇ ਕਿਹਾ ਕਿ ਉਹ ਇਸ ਦਾ ਵਿਰੋਧ ਕਰਦੇ ਅਤੇ 7 ਫ਼ੀਸਦੀ ਨੇ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਕਹਿ ਸਕਦੇ, ਜਦੋਂਕਿ 4 ਫ਼ੀਸਦੀ ਨੇ ਕੋਈ ਰਾਏ ਨਹੀਂ ਦਿੱਤੀ।
ਅੱਧੇ ਪਾਕਿਸਤਾਨੀ ਭਾਰਤ ਨਾਲ ਵਪਾਰਕ ਸੰਬੰਧਾਂ ਨੂੰ ਵਧਾਉਣ ਦੇ ਹੱਕ ‘ਚ : ਸਰਵੇਖਣ ਰਿਪੋਰਟ

