ਚੰਡੀਗੜ੍ਹ, 27 ਮਈ (ਪੰਜਾਬ ਮੇਲ)- ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ ਡੱਲਾ ਦੇ ਇੱਕ ਕਰੀਬੀ ਸਾਥੀ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਲਵੀਸ਼ ਕੁਮਾਰ ਨੂੰ ਗੁਜਰਾਤ ਪੁਲਿਸ ਦੇ ਸਹਿਯੋਗ ਨਾਲ ਅਹਿਮਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀ.ਜੀ.ਪੀ. ਨੇ ਐਕਸ ਪੋਸਟ ਵਿਚ ਕਿਹਾ, ”ਉਹ ਵਿਦੇਸ਼ੀ ਆਧਾਰਿਤ ਅਰਸ਼ ਡੱਲਾ ਅਤੇ ਜਿੰਦੀ ਮਹਿੰਦੀਪੁਰੀਆ (ਮਾਰੇ ਗਏ ਅੱਤਵਾਦੀ ਤੇਜਾ ਮਹਿੰਦੀਪੁਰੀਆ ਦਾ ਭਰਾ) ਦਾ ਕਰੀਬੀ ਸਾਥੀ ਹੈ।” ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਲਵੀਸ਼ ਅਰਸ਼ ਡੱਲਾ ਦੇ ਸਿੱਧੇ ਨਿਰਦੇਸ਼ਾਂ ਹੇਠ ਕੰਮ ਕਰ ਰਿਹਾ ਸੀ, ਜਿਸ ਵਿਚ ਪੀੜਤਾਂ ਨੂੰ ਡਰਾਉਣ ਲਈ ਗੋਲੀਬਾਰੀ ਕਰਨਾ ਵੀ ਸ਼ਾਮਲ ਹੈ।
ਡੀ.ਜੀ.ਪੀ. ਨੇ ਕਿਹਾ ਕਿ ਉਸ ਵਿਰੁੱਧ ਕਤਲ, ਗੋਲੀਬਾਰੀ ਨਾਲਾ ਜਬਰੀ ਵਸੂਲੀ ਦੀ ਕੋਸ਼ਿਸ਼ ਅਤੇ ਹੋਰ ਗੰਭੀਰ ਅਪਰਾਧਾਂ ਦੇ ਕਈ ਮਾਮਲੇ ਦਰਜ ਹਨ। ”ਲਵਿਸ਼ ਨੇ ਇੱਕ ਸ਼ਰਾਬ ਠੇਕੇਦਾਰ ਦੀ ਜਾਸੂਸੀ ਕੀਤੀ ਸੀ ਅਤੇ 50 ਲੱਖ ਰੁਪਏ ਦੀ ਫਿਰੌਤੀ ਮੰਗ ਲਈ ਨਿਸ਼ਾਨਾ ਬਣਾਇਆ ਸੀ। ਅਧਿਕਾਰੀ ਨੇ ਕਿਹਾ ਕਿ ਉਹ ਵਿਦੇਸ਼ੀ-ਆਧਾਰਿਤ ਹੈਂਡਲਰਾਂ ਨਾਲ ਲਗਾਤਾਰ ਸੰਪਰਕ ਵਿਚ ਰਿਹਾ ਅਤੇ ਪੰਜਾਬ ਵਿਚ ਇੱਕ ਸਨਸਨੀਖੇਜ਼ ਅਪਰਾਧ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਗ੍ਰਿਫ਼ਤਾਰੀ ਕੌਮਾਂਤਰੀ ਪੱਧਰ ‘ਤੇ ਅਤਿਵਾਦੀ-ਗੈਂਗਸਟਰ ਨੈੱਟਵਰਕਾਂ ਵਿਰੁੱਧ ਚੱਲ ਰਹੀ ਮੁਹਿੰਮ ਵਿਚ ਇੱਕ ਮਹੱਤਵਪੂਰਨ ਕਦਮ ਹੈ ਅਤੇ ਇਸ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ।
ਅੱਤਵਾਦੀ ਅਰਸ਼ ਡੱਲਾ ਦਾ ਕਰੀਬੀ ਸਾਥੀ ਗੁਜਰਾਤ ਤੋਂ ਗ੍ਰਿਫ਼ਤਾਰ
