#PUNJAB

ਅੰਮ੍ਰਿਤਸਰ ਹਵਾਈ ਅੱਡੇ ‘ਤੇ ਟਰਾਲੀਆਂ ਅਤੇ ਵ੍ਹੀਲਚੇਅਰ ਸਹਾਇਤਾ ਦੀ ਘਾਟ ਕਾਰਨ ਯਾਤਰੀ ਹੋ ਰਹੇ ਪਰੇਸ਼ਾਨ

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਸੁਵਿਧਾਵਾਂ ਵਿਚ ਸੁਧਾਰ ਦੀ ਮੰਗ ਦੁਹਰਾਈ
ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਮੇਲ)– ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ‘ਤੇ ਬੁਨਿਆਦੀ ਯਾਤਰੀ ਸੁਵਿਧਾਵਾਂ ਦੀ ਘਾਟ — ਖਾਸ ਕਰਕੇ ਰਵਾਨਗੀ (ਡਿਪਾਰਚਰ) ਟਰਮੀਨਲ ‘ਤੇ ਟਰਾਲੀਆਂ ਅਤੇ ਵ੍ਹੀਲਚੇਅਰ ਸਹਾਇਤਾ ਦੀ ਉਪਲਬਧਤਾ ਨਾ ਹੋਣ ‘ਤੇ ਗੰਭੀਰ ਚਿੰਤਾ ਜਤਾਈ ਹੈ।
ਇਹ ਮਾਮਲਾ ਮੁੜ ਉਭਰ ਕੇ ਸਾਹਮਣੇ ਉਦੋਂ ਆਇਆ, ਜਦੋਂ ਹਵਾਈ ਅੱਡੇ ਦੇ ਵਿਕਾਸ ਅਤੇ ਵਧੇਰੇ ਉਡਾਣਾਂ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ, ਜੋ ਕਿ ਅਮਰੀਕਾ ਦੇ ਵਸਨੀਕ ਹਨ, ਬੀਤੇ ਦਿਨੀਂ ਅੰਮ੍ਰਿਤਸਰ ਤੋਂ ਦੁਬਈ ਦੀ ਉਡਾਣ ਲੈਣ ਲਈ ਸਵੇਰੇ 6:45 ਵਜੇ ਹਵਾਈ ਅੱਡੇ ਪਹੁੰਚੇ। ਉਹ ਆਪਣੇ ਇੱਕ ਪਰਿਵਾਰਕ ਮੈਂਬਰ ਨਾਲ ਤਿੰਨ ਵੱਡੇ, ਦੋ ਛੋਟੇ ਅਤੇ ਲੈਪਟਾਪ ਬੈਗ ਆਦਿ ਲੈ ਕੇ ਆਏ ਸੀ, ਪਰ ਡਿਪਾਰਚਰ ਟਰਮੀਨਲ ਦੇ ਬਾਹਰ ਕੋਈ ਵੀ ਟਰਾਲੀ ਉਪਲਬਧ ਨਾ ਹੋਣ ਕਰਕੇ, ਉਨ੍ਹਾਂ ਨੂੰ ਸਾਰਾ ਸਮਾਨ ਖੁਦ ਹੀ ਵਾਰੋ-ਵਾਰੀ ਖਿੱਚ ਕੇ ਅੰਦਰ ਲਿਜਾਣੇ ਪਏ।
ਗੁਮਟਾਲਾ ਨੇ ਕਿਹਾ, ”ਇਹ ਦੇਖ ਕੇ ਹੈਰਾਨੀ ਹੋਈ ਕਿ ਕਈ ਯਾਤਰੀ ਆਗਮਨ (ਅਰਾਈਵਲ) ਟਰਮੀਨਲ ਵੱਲ ਟਰਾਲੀਆਂ ਲੱਭਣ ਜਾਂਦੇ ਦੇਖੇ ਗਏ। ਉੱਥੇ ਕੋਈ ਸਾਈਨਬੋਰਡ ਨਹੀਂ ਸੀ, ਜਿੱਥੇ ਇਹ ਦਰਸਾਇਆ ਗਿਆ ਹੋਵੇ ਕਿ ਟਰਾਲੀ ਜਾਂ ਵ੍ਹੀਲਚੇਅਰ ਦੀ ਕਿਹੜੀ ਥਾਂ ਹੈ ਤੇ ਉਹ ਕਿੱਥੇ ਮਿਲ ਸਕਦੀ ਹੈ। ਹਵਾਈ ਅੱਡੇ ਨਵੇਂ ਬਨਾਉਣ, ਉਨ੍ਹਾਂ ਦੇ ਵਿਕਾਸ ‘ਤੇ ਕ੍ਰੋੜਾਂ ਰੁਪਏ ਖਰਚੇ ਜਾਂਦੇ ਹਨ ਅਤੇ ਯਾਤਰੀਆਂ ਤੋਂ ਟਿਕਟ ਦੇ ਕਿਰਾਏ ਵਿਚ ਉਪਭੋਗਤਾ ਫੀਸ ਦੀ ਵੀ ਵਸੂਲੀ ਕੀਤੀ ਜਾਂਦੀ ਹੈ, ਫਿਰ ਵੀ ਇਹ ਬੁਨਿਆਦੀ ਸੁਵਿਧਾਵਾਂ ਉਪਲੱਬਧ ਨਹੀਂ ਹੋ ਰਹੀਆਂ।”
ਉਨ੍ਹਾਂ ਨੇ ਰਵਾਨਗੀ ਟਰਮੀਨਲ ਵਾਲੇ ਪਾਸੇ ਇੱਕ ਵੱਖਰਾ, ਸਪੱਸ਼ਟ ਤੌਰ ‘ਤੇ ਨਿਸ਼ਾਨਬੱਧ ਟਰਾਲੀ ਪਿਕਅੱਪ ਜ਼ੋਨ ਬਣਾਉਣ ਅਤੇ ਸਟਾਫ਼ ਨਿਯੁਕਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ”ਜੇ ਲੋੜ ਹੋਵੇ, ਤਾਂ ਟਰਾਲੀਆਂ ਦੇ ਕਿਰਾਏ ਲਈ ਆਟੋਮੇਟਿਕ ਭੁਗਤਾਨ ਮਸ਼ੀਨਾਂ ਲਗਾ ਦਿੱਤੀਆਂ ਜਾਣ, ਤਾਂ ਜੋ ਟਰਾਲੀਆਂ ਦਾ ਦੁਰਉਪਯੋਗ ਰੋਕਿਆ ਜਾ ਸਕੇ ਅਤੇ ਜਿਨ੍ਹਾਂ ਨੂੰ ਲੋੜ ਹੈ, ਸਿਰਫ ਉਹੀ ਹੀ ਪੈਸੇ ਪਾ ਕੇ ਇਨ੍ਹਾਂ ਨੂੰ ਲੈ ਸਕਣ।”
ਗੁਮਟਾਲਾ ਨੇ ਇੱਕ ਹੋਰ ਗੰਭੀਰ ਸਮੱਸਿਆ ਵੱਲ ਵੀ ਧਿਆਨ ਦਿਵਾਇਆ, ਰਵਾਨਗੀ ਵਾਲੇ ਪਾਸੇ ‘ਤੇ ਵ੍ਹੀਲਚੇਅਰ ਸਹਾਇਤਾ ਲਈ ਕੋਈ ਵਿਸ਼ੇਸ਼ ਬੂਥ ਜਾਂ ਨਿਯਤ ਸਹਾਇਕ ਨਹੀਂ ਹੁੰਦੀ, ਜਿਸ ਨਾਲ ਵੱਡੇ ਉਮਰ ਵਾਲੇ ਅਤੇ ਅੰਗਹੀਣ ਯਾਤਰੀਆਂ ਨੂੰ ਕਾਫੀ ਮੁਸ਼ਕਿਲ ਆਉਂਦੀ ਹੈ। ਕਈ ਵਾਰ, ਜੋ ਸਹਾਇਤਾ ਕਰਮਚਾਰੀ ਮਿਲਦੇ ਹਨ, ਉਹ ਅਕਸਰ ਹੱਦ ਤੋਂ ਵੱਧ ਪੈਸੇ ਮੰਗਦੇ ਹਨ, ਅਤੇ ਲੋੜਵੰਦਾਂ ਦੀ ਲਾਚਾਰੀ ਦਾ ਫਾਇਦਾ ਚੁੱਕਦੇ ਹਨ।
ਇਸੇ ਸਮੱਸਿਆ ਸੰਬੰਧੀ ਜੱਸ ਸਿੰਘ, ਜੋ ਕਿ ਅਮਰੀਕਾ ਵਿਖੇ ਗੁਮਟਾਲਾ ਦੇ ਹੀ ਸ਼ਹਿਰ ਦੇ ਵਾਸੀ ਹਨ ਅਤੇ ਅੰਮ੍ਰਿਤਸਰ ਤੋਂ ਨਿਯਮਤ ਤੌਰ ‘ਤੇ ਯਾਤਰਾ ਕਰਦੇ ਹਨ, ਨੇ ਵੀ ਹਾਲ ਹੀ ‘ਚ ਗੁਮਟਾਲਾ ਨਾਲ ਸੰਪਰਕ ਕਰਕੇ ਟਰਾਲੀ ਦੀ ਉਪਲਬਧਤਾ ਨਾ ਹੋਣ ‘ਤੇ ਨਾਰਾਜ਼ਗੀ ਜਤਾਈ। ਉਨ੍ਹਾਂ ਕਿਹਾ ਕਿ ”ਇਹ ਅਫ਼ਸੋਸਜਨਕ ਹੈ ਕਿ ਆਪਣੇ ਹੀ ਸ਼ਹਿਰ ਦੇ ਹਵਾਈ ਅੱਡੇ ਤੋਂ ਯਾਤਰਾ ਕਰਦੇ ਹੋਏ ਲੋਕ ਇਨ੍ਹਾਂ ਮੁੱਢਲੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।”
ਗੁਮਟਾਲਾ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਏਅਰਪੋਰਟ ਅਧਿਕਾਰੀਆਂ ਨਾਲ ਹੋਈਆਂ ਮੀਟਿੰਗਾਂ ਵਿਚ ਇਹ ਮਸਲਾ ਕਈ ਵਾਰੀ ਚੁੱਕਿਆ ਗਿਆ ਸੀ। ”ਸਾਨੂੰ ਕਿਹਾ ਗਿਆ ਕਿ ਨਵੀਆਂ ਟਰਾਲੀਆਂ ਖਰੀਦੀਆਂ ਜਾ ਰਹੀਆਂ ਹਨ, ਪਰ ਜੇ ਉਨ੍ਹਾਂ ਦਾ ਠੀਕ ਪ੍ਰਬੰਧ ਨਹੀਂ ਕੀਤਾ ਜਾਂਦਾ, ਤਾਂ ਕੁਝ ਸੌ ਟਰਾਲੀਆਂ ਕਿਸੇ ਕੰਮ ਦੀਆਂ ਨਹੀਂ।”
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਲਗਾਤਾਰ ਮੀਡੀਆ, ਚਿੱਠੀਆਂ ਆਦਿ ਰਾਹੀਂ ਹਵਾਈ ਅੱਡੇ ਦੀਆਂ ਸੁਵਿਧਾਵਾਂ ਵਿਚ ਸੁਧਾਰ ਦੀ ਮੰਗ ਕਰਦੇ ਆਏ ਹਨ। ਗੁਮਟਾਲਾ ਨੇ ਡਿਪਾਰਚਰ ਟਰਮੀਨਲ ‘ਤੇ ਹੁਣ ਵਧੇਰੇ ਨਵੇਂ ਐਂਟਰੀ ਗੇਟ ਖੋਲ੍ਹਣ ਦੀ ਮੰਗ ਨੂੰ ਪੂਰਾ ਕਰਨ ਦੀ ਸ਼ਲਾਘਾ ਕੀਤੀ, ਜਿਸ ਨਾਲ ਯਾਤਰੀਆਂ ਦੇ ਅੰਦਰ ਜਾਣ ਦੀ ਪ੍ਰਕਿਰਿਆ ਸੁਖਾਲੀ ਹੋਈ ਹੈ।
ਉਨ੍ਹਾਂ ਕਿਹਾ ਕਿ ”ਟਰਾਲੀਆਂ, ਵ੍ਹੀਲਚੇਅਰ ਸਹਾਇਤਾ ਅਤੇ ਵਾਈ-ਫਾਈ ਵਰਗੀਆਂ ਛੋਟੀਆਂ ਪਰ ਮਹੱਤਵਪੂਰਣ ਸੁਵਿਧਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।” ਮੰਚ ਵੱਲੋਂ ਏਅਰਪੋਰਟ ਡਾਇਰੈਕਟਰ ਸ਼੍ਰੀ ਐੱਸ.ਕੇ. ਕਪਾਹੀ ਅਤੇ ਏਅਰਪੋਰਟ ਅਥਾਰਿਟੀ ਆਫ ਇੰਡੀਆ ਨੂੰ ਇਸ ਮਾਮਲੇ ਬਾਰੇ ਲਿਖਤੀ ਤੌਰ ‘ਤੇ ਅਪੀਲ ਕੀਤੀ ਜਾ ਰਹੀ ਹੈ, ਤਾਂ ਜੋ ਯਾਤਰੀਆਂ ਦੀ ਸੁਵਿਧਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।