#PUNJAB

ਅੰਮ੍ਰਿਤਸਰ ਲੁੱਟ ਕੇਸ: ਪੀੜਤ ਦੇ ਡਰਾਈਵਰ ਦੀ ਧੀ, ਉਸਦੇ ਮੰਗੇਤਰ ਸਮੇਤ 7 ਗ੍ਰਿਫਤਾਰ

– 41.40 ਲੱਖ ਰੁਪਏ ਦੀ ਨਕਦੀ, 800 ਗ੍ਰਾਮ ਸੋਨਾ ਕੀਤਾ ਬਰਾਮਦ
– ਪੰਜਾਬ ਪੁਲਿਸ ਦੀਆਂ ਟੀਮਾਂ ਨੇ ਮਹਾਰਾਸ਼ਟਰ ਪੁਲਿਸ ਅਤੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ 24 ਘੰਟਿਆਂ ਦੇ ਅੰਦਰ ਮਹਾਰਾਸ਼ਟਰ ਤੋਂ ਤਿੰਨ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ : ਡੀ.ਜੀ.ਪੀ. ਗੌਰਵ ਯਾਦਵ
– ਦੋ ਹੋਰ ਮੁਲਜ਼ਮਾਂ ਦੀ ਵੀ ਹੋਈ ਸ਼ਨਾਖਤ, ਉਨ੍ਹਾਂ ਨੂੰ ਕਾਬੂ ਕਰਨ ਲਈ ਕੀਤੀ ਜਾ ਰਹੀ ਹੈ ਛਾਪੇਮਾਰੀ : ਸੀ.ਪੀ. ਅੰਮ੍ਰਿਤਸਰ  ਰਣਜੀਤ ਸਿੰਘ ਢਿੱਲੋਂ
ਚੰਡੀਗੜ੍ਹ/ਅੰਮ੍ਰਿਤਸਰ, 1 ਜੁਲਾਈ (ਪੰਜਾਬ ਮੇਲ)- ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚਲਾਈ ਜਾ ਰਹੀ ਮੁਹਿੰਮ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਨਸਨੀਖੇਜ਼ ਅੰਮਿਰਤਸਰ ਲੁੱਟ ਕੇਸ ਦਾ ਖੁਰਾ-ਖੋਜਦਿਆਂ ਪੀੜਤ ਦੇ ਡਰਾਈਵਰ ਦੀ ਧੀ ਅਤੇ ਉਸ ਦੇ ਮੰਗੇਤਰ, ਜਿਨ੍ਹਾਂ ਨੇ ਡਕੈਤੀ ਦੀ ਪੂਰੀ ਸਾਜ਼ਿਸ਼ ਰਚੀ ਸੀ, ਨੂੰ 7 ਮੁਲਜ਼ਮਾਂ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਇਹ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ  ਫੜੇ ਗਏ ਵਿਅਕਤੀਆਂ ਦੀ ਪਛਾਣ ਸ਼ਿਵਾਨੀ (28) ਵਾਸੀ ਅਮਰ ਐਵੀਨਿਊ ਖੰਡਵਾਲਾ ਛੇਹਰਟਾ ਅਤੇ ਉਸ ਦੇ ਮੰਗੇਤਰ ਗੁਰਟੇਕ ਸਿੰਘ (23) ਵਾਸੀ ਅਜਨਾਲਾ ਅਤੇ ਇਨ੍ਹਾਂ ਦੇ ਸਾਥੀ ਗੁਰਪ੍ਰੀਤ ਸਿੰਘ (34) ਵਾਸੀ ਮਜੀਠਾ ਰੋਡ ਅੰਮ੍ਰਿਤਸਰ, ਸੰਦੀਪ ਸਿੰਘ (29) ਵਾਸੀ ਜੰਡਿਆਲਾ, ਦੀਪਕ ਕੁਮਾਰ (30) ਪਿੰਡ ਮਾਹਲ, ਹਰਦੇਵ ਸਿੰਘ (53) ਅਜਨਾਲਾ ਅਤੇ ਹਰਪਾਲ ਸਿੰਘ (52) ਰਾਜਾਸਾਂਸੀ ਅੰਮ੍ਰਿਤਸਰ ਵਜੋਂ ਹੋਈ ਹੈ। ਮੁਲਜ਼ਮ ਸ਼ਿਵਾਨੀ ਨਰਿੰਦਰ ਮੋਹਨ ਮਹਿਤਾ, ਜੋ ਕਿ ਪੀੜਤ ਜੀਆ ਲਾਲ ਬਹਿਲ ਦਾ ਡਰਾਈਵਰ  ਹੈ, ਦੀ ਧੀ ਹੈ, ਜੋ ਕਿ ਪੀੜਤ ਦੀ ਦੌਲਤ-ਸ਼ੌਹਰਤ ਤੋਂ ਭਲੀਭਾਂਤ ਜਾਣੂ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਤੜਕੇ ਚਾਰ ਹਥਿਆਰਬੰਦ ਵਿਅਕਤੀ, ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ, ਨੇ ਪੀੜਤ ਜੀਆ ਲਾਲ ਦੇ ਘਰ ‘ਚ ਦਾਖਲ ਹੋ ਕੇ 90 ਲੱਖ ਰੁਪਏ ਅਤੇ 3 ਕਿਲੋ ਦੇ ਗਹਿਣਿਆਂ ਦੀ ਲੁੱਟ ਕੀਤੀ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਤਿੰਨ ਮੁਲਜ਼ਮਾਂ- ਗੁਰਪ੍ਰੀਤ, ਸੰਦੀਪ ਅਤੇ ਦੀਪਕ ਨੂੰ ਮਹਾਰਾਸ਼ਟਰ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਇੱਕ ਅੰਤਰ-ਰਾਜੀ ਕਾਰਵਾਈ ਤਹਿਤ ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ, ਜਦਕਿ ਬਾਕੀ ਚਾਰ ਵਿਅਕਤੀਆਂ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ 41.40 ਲੱਖ ਰੁਪਏ ਦੀ ਨਕਦੀ ਅਤੇ 800 ਗ੍ਰਾਮ ਸੋਨਾ ਵੀ ਬਰਾਮਦ ਕੀਤਾ ਹੈ।
ਡੀ.ਜੀ.ਪੀ. ਨੇ ਕਿਹਾ ਕਿ ਪੁਲਿਸ ਟੀਮਾਂ ਵੱਲੋਂ ਇਸ ਸਨਸਨੀਖੇਜ਼ ਲੁੱਟ ਦੇ ਕੇਸ ਨੂੰ ਸੁਲਝਾਉਣ ਲਈ ਪੇਸ਼ੇਵਰ ਅਤੇ ਵਿਗਿਆਨਕ ਪਹੁੰਚ ਅਪਣਾਈ ਗਈ। ਇਸ ਮਾਮਲੇ ਵਿਚ ਅਗਲੇਰੀ ਜਾਂਚ ਜਾਰੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਏ.ਡੀ.ਸੀ.ਪੀ. ਸਿਟੀ-2 ਅਭਿਮਨਿਊ ਰਾਣਾ ਅਤੇ ਏ.ਸੀ.ਪੀ. ਉੱਤਰੀ ਵਿਜੇ ਕੁਮਾਰ ਦੀ ਦੇਖ-ਰੇਖ ਹੇਠ ਸਿਵਲ ਲਾਈਨ ਪੁਲਿਸ ਸਟੇਸ਼ਨ, ਸੀ.ਆਈ.ਏ.-1 ਅਤੇ ਸੀ.ਆਈ.ਏ.-2 ਦੀਆਂ ਪੁਲਿਸ ਟੀਮਾਂ ਨੇ ਤੁਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।
ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਨੇ 12 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਕੇਸ ਨੂੰ ਟਰੇਸ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਅਤੇ 24 ਘੰਟਿਆਂ ਵਿਚ ਮਹਾਰਾਸ਼ਟਰ ਤੋਂ ਤਿੰਨ ਮੁਲਜ਼ਮਾਂ ਨੂੰ ਜਾ ਦਬੋਚਿਆ, ਜਦਕਿ ਬਾਕੀ ਚਾਰ ਮੁਲਜ਼ਮਾਂ ਨੂੰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਸੀ.ਪੀ. ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਸ਼ਾਮਲ ਦੋ ਹੋਰ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਲਈ ਜਾਂਚ ਜਾਰੀ ਹੈ।
ਇਸ ਸਬੰਧੀ ਐੱਫ.ਆਈ.ਆਰ. ਨੰ. 107 ਮਿਤੀ 26-06-2024 ਨੂੰ ਆਈ.ਪੀ.ਸੀ. ਦੀ ਧਾਰਾ 394 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਗਿਆ ਸੀ।