– ਪੰਜਾਬ ਦੇ ਹਵਾਈ ਸੰਪਰਕ ਨੂੰ ਮਿਲਿਆ ਹੁਲਾਰਾ, ਹਵਾਈ ਯਾਤਰਾ ਹੋਈ ਹੋਰ ਸੁਖਾਲੀ
ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਮੇਲ)- ਪੰਜਾਬ ਦੇ ਸਭ ਤੋਂ ਵੱਡੇ ਤੇ ਵਿਅਸਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਆਉਣ ਵਾਲੇ ਸਰਦੀਆਂ ਦੇ ਮੌਸਮ (ਨਵੰਬਰ 2025 ਤੋਂ ਮਾਰਚ 2026) ਦੌਰਾਨ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਵੱਖ-ਵੱਖ ਦੱਖਣ-ਪੂਰਬੀ ਏਸ਼ੀਆਈ ਮੁਲਕਾਂ – ਸਿੰਗਾਪੁਰ, ਮਲੇਸ਼ੀਆ, ਥਾਈਲੈਂਡ, ਫਿਲੀਪੀਨਜ਼, ਇੰਡੋਨੇਸ਼ੀਆ, ਜਪਾਨ ਆਦਿ – ਨਾਲ ਹਵਾਈ ਸੰਪਰਕ ਨੂੰ ਵੱਡਾ ਹੁਲਾਰਾ ਮਿਲਣ ਜਾ ਰਿਹਾ ਹੈ। ਇਸ ਦਾ ਪ੍ਰਗਟਾਵਾ ਅੰਮ੍ਰਿਤਸਰ ਤੋਂ ਹਵਾਈ ਸੰਪਰਕ ਨੂੰ ਵਧਾਉਣ ਅਤੇ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਕੀਤਾ ਹੈ।
ਜਾਣਕਾਰੀ ‘ਚ ਗੁਮਟਾਲਾ ਨੇ ਦੱਸਿਆ ਕਿ ਮਲੇਸ਼ੀਆ, ਸਿੰਗਾਪੁਰ ਅਤੇ ਥਾਈਲੈਂਡ ਦੀਆਂ ਚਾਰ ਪ੍ਰਮੁੱਖ ਏਅਰਲਾਈਨਾਂ – ਮਲੇਸ਼ੀਆ ਏਅਰਲਾਈਨਜ਼, ਏਅਰ ਏਸ਼ੀਆ, ਸਕੂਟ ਅਤੇ ਥਾਈ ਲਾਇਨ ਏਅਰ – ਵੱਲੋਂ ਕਈ ਦੇਸ਼ਾਂ ਲਈ ਉਡਾਣਾਂ ‘ਚ ਵਾਧਾ ਕੀਤਾ ਗਿਆ ਹੈ। ਇਸ ਨਾਲ ਅੰਮ੍ਰਿਤਸਰ ਤੋਂ ਯਾਤਰੀਆਂ ਨੂੰ ਹੁਣ ਕੁਆਲਾਲੰਪੁਰ, ਸਿੰਗਾਪੁਰ ਅਤੇ ਬੈਂਕਾਕ ਰਾਹੀਂ ਆਸਟ੍ਰੇਲੀਆ ਅਤੇ ਹੋਰਨਾਂ ਮੁਲਕਾਂ ਨੂੰ ਜਾਣ ਦੇ ਕਈ ਵਿਕਲਪ ਉਪਲੱਬਧ ਹੋਣਗੇ। ਇਸ ਨਾਲ ਪੰਜਾਬੀਆਂ ਨੂੰ ਜਿੱਥੇ ਦਿੱਲੀ ਜਾਣ ਦੀ ਖੱਜਲ-ਖੁਆਰੀ ਨਹੀਂ ਹੋਵੇਗੀ, ਉੱਥੇ ਨਾਲ ਹੀ ਉਨ੍ਹਾਂ ਦਾ ਸਮਾਂ ਅਤੇ ਕਿਰਾਇਆ ਵੀ ਘੱਟ ਲੱਗੇਗਾ।
ਗੁਮਟਾਲਾ ਅਨੁਸਾਰ, ਇਸ ਸਮੇਂ ਇਨ੍ਹਾਂ ਚਾਰ ਏਅਰਲਾਈਨ ਵੱਲੋਂ ਹਫਤੇ ‘ਚ ਅੰਮ੍ਰਿਤਸਰ ਲਈ ਚਲਾਈਆਂ ਜਾ ਰਹੀਆਂ 36 ਉਡਾਣਾਂ ਦੀ ਗਿਣਤੀ ਨਵੰਬਰ 1, 2025 ਤੋਂ ਵੱਧ ਕੇ 40 ਹੋ ਜਾਵੇਗੀ। ਮਲੇਸ਼ੀਆ ਏਅਰਲਾਈਨਜ਼ ਜੋ ਕਿ ਇਸ ਸਮੇਂ ਕੁਆਲਾਲੰਪੁਰ-ਅੰਮ੍ਰਿਤਸਰ ਦਰਮਿਆਨ ਹਫਤੇ ‘ਚ 14 ਉਡਾਣਾਂ ਚਲਾ ਰਹੀ ਹੈ, ਨਵੰਬਰ ਮਹੀਨੇ ਤੋਂ ਮੈਲਬੌਰਨ, ਸਿਡਨੀ, ਪਰਥ, ਐਡੀਲੇਡ ਅਤੇ ਆਕਲੈਂਡ ਲਈ ਆਪਣੀਆਂ ਉਡਾਣਾਂ ਦੀ ਗਿਣਤੀ ‘ਚ ਵਾਧਾ ਕਰ ਰਹੀ ਹੈ। ਇਸ ਦੇ ਨਾਲ ਹੀ ਕੁਆਲਾਲੰਪੁਰ ਤੋਂ ਬ੍ਰਿਸਬੇਨ ਲਈ ਵੀ 29 ਨਵੰਬਰ ਤੋਂ ਹਫਤੇ ‘ਚ 5 ਦਿਨ ਲਈ ਉਡਾਣਾਂ ਸ਼ੁਰੂ ਕਰ ਰਹੀ ਹੈ। ਇਸ ਨਾਲ ਯਾਤਰੀ ਸਿਰਫ਼ 15 ਤੋਂ 19 ਘੰਟਿਆਂ ਵਿਚ ਪੰਜਾਬ ਪਹੁੰਚ ਸਕਣਗੇ।
ਮਲੇਸ਼ੀਆ ਏਅਰਲਾਈਨਜ਼ ਆਪਣੀ ਭਾਈਵਾਲ ਕਾਂਟਾਸ ਏਅਰਲਾਈਨ ਨਾਲ ਆਸਟ੍ਰੇਲੀਆ ਦੇ ਸਾਰੇ ਮੁੱਖ ਸ਼ਹਿਰਾਂ ਤੱਕ ਹਵਾਈ ਸੰਪਰਕ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ ਯਾਤਰੀ ਬੈਂਕਾਕ, ਫੁਕੇਟ, ਬਾਲੀ, ਕ੍ਰਾਬੀ, ਹੋ ਚੀ ਮਿਨਹ ਸਿਟੀ, ਮਨੀਲਾ ਆਦਿ ਸ਼ਹਿਰਾਂ ਤੱਕ ਵੀ ਕੁਆਲਾਲੰਪੂਰ ਰਾਹੀਂ ਸਿਰਫ 1 ਤੋਂ 3 ਘੰਟੇ ਦੇ ਵਕਫੇ ਬਾਦ ਉਡਾਣਾਂ ਲੈ ਸਕਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਮਲੇਸ਼ੀਆ ਦੀ ਘੱਟ ਕਿਰਾਏ ਵਾਲੀ ਏਅਰਲਾਈਨ ਏਅਰ ਏਸ਼ੀਆ ਵੱਲੋਂ ਵੀ 1 ਨਵੰਬਰ ਤੋਂ ਕੁਆਲਾਲੰਪੁਰ – ਅੰਮ੍ਰਿਤਸਰ ਦਰਮਿਆਨ ਆਪਣੀਆਂ ਉਡਾਣਾਂ ਦੀ ਗਿਣਤੀ ਹਫਤੇ ‘ਚ ਛੇ ਤੋਂ ਵਧਾ ਕੇ ਅੱਠ ਕੀਤੀ ਜਾ ਰਹੀ ਹੈ। ਕੁਆਲਾਲੰਪੁਰ ਰਾਹੀਂ ਯਾਤਰੀ ਏਅਰ ਏਸ਼ੀਆ ਗਰੁੱਪ ਦੇ ਵਿਸ਼ਾਲ ਨੈੱਟਵਰਕ ਰਾਹੀਂ ਦੱਖਣ-ਪੂਰਬੀ ਏਸ਼ੀਆ ਅਤੇ ਆਸਟ੍ਰੇਲੀਆ ਦੇ ਮੇਲਬੌਰਨ, ਸਿਡਨੀ ਤੇ ਪਰਥ ਨਾਲ ਵੀ ਜੁੜ ਸਕਦੇ ਹਨ।
ਸਿੰਗਾਪੁਰ ਨਾਲ ਸੰਪਰਕ ਬਾਰੇ ਗੁਮਟਾਲਾ ਨੇ ਕਿਹਾ ਕਿ ਸਕੂਟ ਜੋ ਸਿੰਗਾਪੁਰ ਏਅਰਲਾਈਨਜ਼ ਦੀ ਘੱਟ ਕਿਰਾਏ ਵਾਲੀ ਏਅਰਲਾਈਨ ਹੈ, ਆਪਣੇ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਨਾਲ ਨਵੰਬਰ ਤੋਂ ਅੰਮ੍ਰਿਤਸਰ – ਸਿੰਗਾਪੁਰ ਦਰਮਿਆਨ ਹਫ਼ਤੇ ਵਿਚ ਦੱਸ ਉਡਾਣਾਂ ਦਾ ਸੰਚਾਲਨ ਕਰੇਗੀ। ਸਿੰਗਾਪੁਰ ਰਾਹੀਂ ਇਹ ਮੈਲਬੌਰਨ, ਸਿਡਨੀ ਅਤੇ ਪਰਥ ਦੇ ਨਾਲ-ਨਾਲ ਸਿੰਗਾਪੁਰ ਏਅਰਲਾਈਨ ‘ਤੇ ਬ੍ਰਿਸਬੇਨ, ਐਡੀਲੇਡ, ਕੇਅਰਨਸ, ਡਾਰਵਿਨ, ਆਕਲੈਂਡ ਸਣੇ ਏਸ਼ੀਆ-ਪੈਸਿਫ਼ਿਕ ਦੇ ਕਈ ਮੁਲਕਾਂ ਤੱਕ ਹਵਾਈ ਸੰਪਰਕ ਦੀ ਸਹੂਲਤ ਦਿੰਦੀ ਹੈ।
ਇਸੇ ਤਰ੍ਹਾਂ ਥਾਈ ਲਾਇਨ ਏਅਰ ਵੀ ਹੁਣ ਅੰਮ੍ਰਿਤਸਰ – ਬੈਂਕਾਕ (ਡੌਨ ਮੂਐਂਗ) ਦਰਮਿਆਨ ਹਫਤੇ ਵਿਚ 6 ਸਿੱਧੀਆਂ ਉਡਾਣਾਂ ਨੂੰ ਵਧਾ ਕੇ ਅੱਠ ਸਿੱਧੀਆਂ ਉਡਾਣਾਂ ਕਰ ਰਹੀ ਹੈ। ਬੈਂਕਾਕ ਤੋਂ ਯਾਤਰੀ ਕ੍ਰਾਬੀ, ਫੁਕੇਟ, ਬਾਲੀ, ਚਿਆਂਗ ਮਾਈ ਦੇ ਨਾਲ-ਨਾਲ ਗੁਆਂਗਜ਼ੂ, ਸ਼ੰਘਾਈ ਤੇ ਹਾਂਗਕਾਂਗ ਆਦਿ ਸ਼ਹਿਰਾਂ ਲਈ ਵੀ ਉਡਾਣਾਂ ਲੈ ਸਕਦੇ ਹਨ।
ਅੰਮ੍ਰਿਤਸਰ ਤੋਂ ਵੱਧ ਰਹੇ ਅੰਤਰਰਾਸ਼ਟਰੀ ਹਵਾਈ ਸੰਪਰਕ ‘ਤੇ ਖੁਸ਼ੀ ਜ਼ਾਹਰ ਕਰਦਿਆਂ ਗੁਮਟਾਲਾ ਨੇ ਕਿਹਾ, ”ਕੁਆਲਾਲੰਪੁਰ, ਸਿੰਗਾਪੁਰ ਅਤੇ ਬੈਂਕਾਕ ਰਾਹੀਂ ਵੱਧ ਰਹੀ ਉਡਾਣਾਂ ਦੀ ਗਿਣਤੀ ਅੰਮ੍ਰਿਤਸਰ ਹਵਾਈ ਅੱਡੇ ਦੀ ਵੱਧਦੀ ਮਹੱਤਤਾ ਅਤੇ ਵਿਕਾਸ ਨੂੰ ਦਰਸਾਉਂਦੀ ਹੈ। ਹੁਣ ਇਹ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਹਰਿਆਣਾ ਦੇ ਯਾਤਰੀਆਂ ਲਈ ਵੀ ਪ੍ਰਮੁੱਖ ਕੇਂਦਰ ਬਣ ਰਿਹਾ ਹੈ।”
ਅੰਤ ਵਿਚ ਗੁਮਟਾਲਾ ਨੇ ਦੇਸ਼-ਵਿਦੇਸ਼ ਵੱਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਦੀ ਥਾਂ ਅੰਮ੍ਰਿਤਸਰ ਤੋਂ ਉਡਾਣਾਂ ਲੈਣ ਨੂੰ ਤਰਜੀਹ ਦੇਣ, ਤਾਂ ਜੋ ਇਸ ਉਡਾਣਾਂ ਲੰਬੇ ਸਮੇਂ ਤੱਕ ਚੱਲਦੀਆਂ ਰਹਿਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਅੰਮ੍ਰਿਤਸਰ ਹਵਾਈ ਅੱਡੇ ਨੂੰ ਪੰਜਾਬ ਦੇ ਹੋਰਨਾਂ ਸ਼ਹਿਰਾਂ ਨਾਲ ਬੱਸ ਸੇਵਾ ਰਾਹੀਂ ਜੋੜਨ ਵੱਲ ਵੀ ਧਿਆਨ ਦੇਵੇ।
ਅੰਮ੍ਰਿਤਸਰ ਤੋਂ ਆਸਟ੍ਰੇਲੀਆ, ਨਿਉਜ਼ੀਲੈਂਡ ਸਣੇ ਦੱਖਣ-ਪੂਰਬੀ ਏਸ਼ੀਆ ਲਈ ਉਡਾਣਾਂ ਦੀ ਗਿਣਤੀ ‘ਚ ਵਾਧਾ

