#PUNJAB

ਅੰਮ੍ਰਿਤਸਰ ’ਚ ਰਿਕਾਰਡਤੋੜ ਗਰਮੀ, ਦਿਨ ਦਾ ਤਾਪਮਾਨ 42 ਡਿਗਰੀ ਤੋਂ ਪਾਰ

ਅੰਮ੍ਰਿਤਸਰ, 24 ਮਈ (ਪੰਜਾਬ ਮੇਲ)- ਮਈ ਮਹੀਨੇ ਵਿਚ ਹੀ ਪੈ ਰਹੀ ਤੇਜ਼ ਗਰਮੀ ਅਤੇ ਵਗ ਰਹੀ ਲੂ ਨਾਲ ਸ਼ਹਿਰ ਵਾਸੀ ਤਰਾਹ-ਤਰਾਹ ਕਰ ਰਹੇ ਹਨ। ਲੋਕਾਂ ਦਾ ਇੰਨਾ ਨੁਕਸਾਨ ਹੋ ਰਿਹਾ ਹੈ ਕਿ ਜ਼ਿਆਦਾਤਰ ਲੋਕ ਘਰਾਂ ਵਿਚ ਰਹਿਣ ਲਈ ਮਜ਼ਬੂਰ ਹੋ ਗਏ ਹਨ। ਮਈ ਮਹੀਨੇ ਵਿਚ ਪੈ ਰਹੀ ਗਰਮੀ ਅਤੇ ਲੂ ਕਾਰਨ ਲੋਕ ਬੇਹੱਦ ਪ੍ਰੇਸ਼ਾਨ ਹੋ ਗਏ ਹਨ। ਤੇਜ਼ ਗਰਮੀ ਕਾਰਨ ਹਾਲਾਤ ਇਹ ਬਣ ਗਏ ਹਨ ਕਿ ਘਰਾਂ ਅਤੇ ਦਫ਼ਤਰਾਂ ਵਿਚ ਚੱਲ ਰਹੇ ਏ. ਸੀ. ਵੀ ਕੜਕਦੀ ਗਰਮੀ ਵਿਚ ਨਾਕਾਮ ਸਾਬਤ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਪੰਦਰਾਂ ਦਿਨਾਂ ਤੋਂ ਗਰਮੀ ਇੰਨੀ ਵੱਧ ਗਈ ਹੈ ਕਿ ਲੋਕ ਪਹਿਲਾਂ ਹੀ ਦਹਿਸ਼ਤ ਦੇ ਸਾਏ ਹੇਠ ਹਨ ਕਿ ਜੇਕਰ ਹੁਣ ਹਾਲਾਤ ਇੰਨੇ ਭਿਆਨਕ ਹੋ ਗਏ ਹਨ ਤਾਂ ਜੂਨ ਅਤੇ ਜੁਲਾਈ ਦੇ ਮਹੀਨਿਆਂ ਵਿਚ ਕੀ ਸਥਿਤੀ ਹੋਵੇਗੀ। ਜ਼ਿਆਦਾਤਰ ਅਮੀਰ ਪਰਿਵਾਰਾਂ ਨੇ ਪਹਾੜੀ ਸਥਾਨਾਂ ਵੱਲ ਜਾਣ ਲਈ ਪਹਿਲਾਂ ਹੀ ਹੋਟਲਾਂ ਵਿਚ ਅਗਾਊਂ ਬੁਕਿੰਗ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਦਸ ਸਾਲ ਪਹਿਲਾਂ ਤੱਕ ਗਰਮੀ ਦਾ ਰਿਕਾਰਡ ਪੱਧਰ ਸੀ ਪਰ ਇਸ ਵਾਰ ਲੱਗਦਾ ਹੈ ਕਿ ਪਿਛਲੇ ਸਾਰੇ ਰਿਕਾਰਡ ਟੁੱਟ ਜਾਣਗੇ।

ਗੌਰਤਲਬ ਹੈ ਕਿ ਸਾਲ 2013 ਵਿਚ ਅੱਤ ਦੀ ਗਰਮੀ ਪਈ ਸੀ, ਜਿਸ ਦੌਰਾਨ ਤਾਪਮਾਨ 46-47 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਹੁਣ ਹਾਲਾਤ ਇਹ ਹਨ ਕਿ ਮਈ ਮਹੀਨੇ ਦੇ ਸਿਰਫ਼ 23 ਦਿਨਾਂ ਵਿਚ ਹੀ ਸ਼ਹਿਰ ਦਾ ਤਾਪਮਾਨ 47 ਡਿਗਰੀ ਸੈਲਸੀਅਸ ਦੇ ਅੰਕੜੇ ਨੂੰ ਛੂਹ ਗਿਆ ਹੈ। ਇਹ ਸਾਰੀ ਸਥਿਤੀ ਗਲੋਬਲ ਵਾਰਮਿੰਗ ਕਾਰਨ ਪੈਦਾ ਹੋਈ ਹੈ ਅਤੇ ਜੇਕਰ ਲੋਕ ਵੱਧ ਤੋਂ ਵੱਧ ਰੁੱਖ ਨਹੀਂ ਲਗਾਉਣਗੇ ਤਾਂ ਸਥਿਤੀ ਹੋਰ ਵੀ ਬਦਤਰ ਹੋਣੀ ਤੈਅ ਹੈ। ਦੱਸਣਯੋਗ ਹੈ ਕਿ ਮਨੁੱਖ ਨੇ ਜੰਗਲਾਂ ਦੀ ਕਟਾਈ ਕਰ ਕੇ ਵਾਤਾਵਰਣ ਨੂੰ ਜੋ ਨੁਕਸਾਨ ਪਹੁੰਚਾਇਆ ਹੈ, ਉਸ ਨੂੰ ਠੀਕ ਕਰਨ ਲਈ ਪੰਜ ਲੱਖ ਕਰੋੜ ਹੋਰ ਰੁੱਖ ਲਗਾਉਣੇ ਪੈਣਗੇ ਪਰ ਜਿਸ ਦਰ ਨਾਲ ਨਵੇਂ ਰੁੱਖ ਲਗਾਏ ਜਾ ਰਹੇ ਹਨ, ਇਸ ਅੰਕੜੇ ਤੱਕ ਪਹੁੰਚਣ ਲਈ ਕਈ ਸਾਲ ਲੱਗ ਜਾਣਗੇ। ਇਸ ਸਮੇਂ ਦੌਰਾਨ ਗਲੋਬਲ ਵਾਰਮਿੰਗ ਕਾਰਨ ਸਥਿਤੀ ਕਿੰਨੀ ਗੰਭੀਰ ਹੋਵੇਗੀ? ਸ਼ਾਇਦ ਇੱਥੇ ਇਹ ਦੱਸਣ ਦੀ ਲੋੜ ਨਹੀਂ ਹੈ।

ਦੂਜੇ ਪਾਸੇ ਗਲੋਬਲ ਵਾਰਮਿੰਗ ਕਾਰਨ ਹਾਲ ਦੇ ਸਾਲਾਂ ਵਿਚ ਸਰਦੀਆਂ ਦੇ ਮੌਸਮ ਵਿਚ ਕਾਫੀ ਫਰਕ ਆਇਆ ਹੈ। ਪਿਛਲੇ ਸੀਜ਼ਨ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਦਸੰਬਰ ਦੀ ਸ਼ੁਰੂਆਤ ਤੱਕ ਇੰਨੀ ਠੰਢ ਨਹੀਂ ਸੀ ਪਰ ਉਸ ਤੋਂ ਬਾਅਦ 22 ਦਸੰਬਰ ਤੋਂ ਲੈ ਕੇ ਜਨਵਰੀ ਅਤੇ ਫਰਵਰੀ (ਇਸ ਸਾਲ) ਤੱਕ ਇੰਨੀ ਠੰਢ ਪਈ ਕਿ ਠੰਢ ਦੇ ਪਿਛਲੇ ਸਾਰੇ ਰਿਕਾਰਡ ਟੁੱਟ ਗਏ। ਇਹੀ ਰੁਝਾਨ ਹੁਣ ਗਰਮੀਆਂ ਦੇ ਮੌਸਮ ਨੂੰ ਲੈ ਕੇ ਵੀ ਦੇਖਣ ਨੂੰ ਮਿਲਣ ਲੱਗਾ ਹੈ। ਜੇਕਰ ਪਿਛਲੇ ਪੰਦਰਾਂ-ਵੀਹ ਦਿਨਾਂ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਤੇਜ਼ ਗਰਮੀ ਨੇ ਅੰਬਰਸਰੀਆਂ ਦੇ ਛੱਕੇ ਛੁਡਾ ਦਿੱਤੇ ਹਨ। ਹੁਣ ਆਮ ਲੋਕਾਂ ਵਿੱਚ ਇਹ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਮਈ ਮਹੀਨੇ ਵਿੱਚ ਹੀ ਗਰਮੀ ਨੇ ਵਰ੍ਹਨਾ ਸ਼ੁਰੂ ਕਰ ਦਿੱਤਾ ਹੈ ਅਤੇ ਫਿਰ ਜੂਨ ਅਤੇ ਜੁਲਾਈ ਦੇ ਮਹੀਨਿਆਂ ਵਿਚ ਹੀ ਅਸਲ ਵਿਚ ਗਰਮੀ ਦਾ ਮੌਸਮ ਸ਼ੁਰੂ ਹੋ ਜਾਵੇਗਾ।