ਅੰਮ੍ਰਿਤਸਰ, 5 ਜਨਵਰੀ (ਪੰਜਾਬ ਮੇਲ)- ਬੀਤੇ ਦਿਨ ਅੰਮ੍ਰਿਤਸਰ ‘ਚ ‘ਆਪ’ ਸਰਪੰਚ ਜਰਮਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਦੇਰ ਸ਼ਾਮ ਪਿੰਡ ਵਲਟੋਹਾ ਵਿੱਚ ਸਰਪੰਚ ਜਰਮਲ ਸਿੰਘ ਨੂੰ ਗਮਗੀਨ ਮਾਹੌਲ ਵਿਚ ਅੰਤਿਮ ਵਿਦਾਈ ਦਿੱਤੀ ਗਈ। ਜਿਵੇਂ ਹੀ ਉਨ੍ਹਾਂ ਦਾ ਪਾਰਥਿਵ ਸਰੀਰ ਪਿੰਡ ਪਹੁੰਚਿਆ, ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਅੰਤਿਮ ਸਸਕਾਰ ਦੌਰਾਨ ਹਰ ਅੱਖ ਨਮ ਨਜ਼ਰ ਆਈ ਅਤੇ ਪਿੰਡ ਵਿਚ ਮਾਤਮੀ ਸਨਾਟਾ ਛਾਇਆ ਰਿਹਾ।
ਅੰਤਿਮ ਸਸਕਾਰ ਵਿਚ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਪਿੰਡ ਵਾਸੀਆਂ ਦੇ ਨਾਲ-ਨਾਲ ਰਾਜਨੀਤਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਵੀ ਵੱਡੀ ਗਿਣਤੀ ਵਿਚ ਪਹੁੰਚ ਕੇ ਸਰਪੰਚ ਜਰਮਲ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦਰਦਨਾਕ ਮੌਕੇ ‘ਤੇ ਉਨ੍ਹਾਂ ਦੇ ਪੁੱਤਰ ਨੇ ਪਿਤਾ ਨੂੰ ਮੁਖਾਗਨੀ ਦਿੱਤੀ, ਜਿਸ ਦ੍ਰਿਸ਼ ਨੇ ਮੌਜੂਦ ਹਰ ਵਿਅਕਤੀ ਨੂੰ ਭਾਵੁਕ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਸਰਪੰਚ ਜਰਮਲ ਸਿੰਘ ਅੰਮ੍ਰਿਤਸਰ ਵਿਖੇ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਆਏ ਸਨ। ਇਸ ਦੌਰਾਨ ਬਦਮਾਸ਼ਾਂ ਨੇ ਮੈਰਿਜ ਪੈਲੇਸ ਵਿਚ ਆ ਕੇ ਅਚਾਨਕ ਫਾਇਰਿੰਗ ਸ਼ੁਰੂ ਕਰ ਦਿੱਤੀ। ਬਦਮਾਸ਼ਾਂ ਨੇ ਸਰਪੰਚ ਦੇ ਸਿਰ ਵਿਚ ਗੋਲੀਆਂ ਮਾਰੀਆਂ। ਗੋਲੀ ਲੱਗਣ ਕਾਰਨ ਸਰਪੰਚ ਜਰਮਲ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ।
ਅੰਮ੍ਰਿਤਸਰ ‘ਚ ਮਾਰੇ ਗਏ ‘ਆਪ’ ਸਰਪੰਚ ਦਾ ਹੋਇਆ ਅੰਤਿਮ ਸਸਕਾਰ

