#PUNJAB

ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮਾਮਲਾ ਤੂਲ ਫੜਨ ਲੱਗਾ

ਅੰਮ੍ਰਿਤਸਰ, 12 ਜੂਨ (ਪੰਜਾਬ ਮੇਲ)- ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਹੁਣ ਮਾਮਲਾ ਤੂਲ ਫੜਨ ਲੱਗਾ ਹੈ। ਇਸ ਸਬੰਧ ‘ਚ ਉਸ ਦੇ ਮਾਪਿਆਂ ਤੇ ਹੋਰਨਾਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਸ ਨੂੰ ਮਿਲੇ ਲੋਕ ਫਤਵੇ ਦੇ ਮੱਦੇਨਜ਼ਰ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਖਿਲਾਫ ਲਾਏ ਗਏ ਐੱਨ.ਐੱਸ.ਏ. (ਕੌਮੀ ਸੁਰੱਖਿਆ ਐਕਟ) ਨੂੰ ਖਤਮ ਕੀਤਾ ਜਾਏ ਅਤੇ ਉਨ੍ਹਾਂ ਦੀ ਰਿਹਾਈ ਕੀਤੀ ਜਾਵੇ।
ਇੱਥੇ ਅੰਮ੍ਰਿਤਪਾਲ ਦੇ ਮਾਤਾ ਬਲਵਿੰਦਰ ਕੌਰ, ਪਿਤਾ ਤਰਸੇਮ ਸਿੰਘ, ਚਾਚਾ ਸੁਖਚੈਨ ਸਿੰਘ ਅਤੇ ਬੀਬੀ ਪਰਮਜੀਤ ਕੌਰ ਖਾਲੜਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਰੀ ਵੋਟਾਂ ਨਾਲ ਜਿੱਤ ਹਾਸਲ ਕਰਨ ਦੇ ਬਾਵਜੂਦ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਲੋਕਾਂ ਵੱਲੋਂ ਦਿੱਤਾ ਸਮਰਥਨ ਸਾਬਤ ਕਰਦਾ ਹੈ ਕਿ ਉਸ ਵੱਲੋਂ ਹਲਕੇ ਵਿਚ ਨਸ਼ਿਆਂ ਖਿਲਾਫ ਚਲਾਈ ਗਈ ਖਾਲਸਾ ਵਹੀਰ ਸਹੀ ਸੀ।
ਲੋਕਾਂ ਦੀ ਭਾਵਨਾ ਨੂੰ ਧਿਆਨ ਵਿਚ ਰੱਖਦਿਆਂ ਸਰਕਾਰ ਨੂੰ ਉਸ ਖਿਲਾਫ ਐੱਨ.ਐੱਸ.ਏ. ਹਟਾਉਣਾ ਚਾਹੀਦਾ ਹੈ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਝੂਠੇ ਕੇਸ ਰੱਦ ਕਰਕੇ ਉਸ ਦੀ ਰਿਹਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਅਮਰੀਕਾ ਵਿਚ ਵੀ ਉਭਾਰਿਆ ਗਿਆ ਹੈ।
ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਵੱਲੋਂ ਉਥੋਂ ਦੇ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਦੀ ਮਦਦ ਨਾਲ ਇਹ ਮਾਮਲਾ ਅਮਰੀਕੀ ਸਰਕਾਰ ਕੋਲ ਰੱਖਿਆ ਗਿਆ ਹੈ।