#PUNJAB

ਅੰਮ੍ਰਿਤਪਾਲ ਸਿੰਘ ਦਾ ਭਰਾ ਨਸ਼ੀਲੇ ਪਦਾਰਥ ਸਣੇ ਕਾਬੂ

ਡੋਪ ਟੈਸਟ ਵੀ ਆਇਆ ਪਾਜ਼ੀਟਿਵ; ਅਦਾਲਤੀ ਹਿਰਾਸਤ ‘ਚ ਭੇਜਿਆ
* ਅੱਧਾ ਸੜਿਆ ਹੋਇਆ 20 ਰੁਪਏ ਦਾ ਨੋਟ ਅਤੇ ਲਾਈਟਰ ਵੀ ਬਰਾਮਦ
ਫਿਲੌਰ/ਜਲੰਧਰ, 13 ਜੁਲਾਈ (ਪੰਜਾਬ ਮੇਲ)- ਪੁਲਿਸ ਨੇ ਨਸ਼ੀਲੇ ਪਦਾਰਥਾਂ ਸਣੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਹੈਪੀ ਪੁੱਤਰ ਤਰਸੇਮ ਸਿੰਘ ਵਾਸੀ ਜੱਲੂਪੁਰ ਖੇੜਾ ਅਤੇ ਲਵਪ੍ਰੀਤ ਸਿੰਘ ਵਾਸੀ ਪਿੰਡ ਚੀਮਾ ਬਾਠ ਵਜੋਂ ਹੋਈ ਹੈ। ਹਰਪ੍ਰੀਤ ਸਿੰਘ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਭਰਾ ਦੱਸਿਆ ਜਾ ਰਿਹਾ ਹੈ। ਮੁਲਜ਼ਮਾਂ ਕੋਲੋਂ ਆਈਸ ਡਰੱਗ, ਅੱਧਾ ਸੜਿਆ ਹੋਇਆ 20 ਰੁਪਏ ਦਾ ਨੋਟ ਅਤੇ ਇੱਕ ਲਾਈਟਰ ਬਰਾਮਦ ਹੋਇਆ ਹੈ। ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਦੋਵਾਂ ਦਾ ਡੋਪ ਟੈਸਟ ਵੀ ਪਾਜ਼ੀਟਿਵ ਆਇਆ ਹੈ। ਉਨ੍ਹਾਂ ਨੇ ਤਿੰਨ-ਚਾਰ ਕਿਸਮ ਦਾ ਨਸ਼ਾ ਕੀਤਾ ਹੋਇਆ ਸੀ।
ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਨੂੰ ਜੀ.ਟੀ. ਰੋਡ ਦੀ ਸਲਿਪ ਰੋਡ ‘ਤੇ ਇੱਕ ਕਰੇਟਾ (ਨੰਬਰ ਪੀ.ਬੀ.02 ਸੀ.ਐੱਕਸ 3808) ਸ਼ੱਕੀ ਹਾਲਤ ‘ਚ ਖੜ੍ਹੀ ਨਜ਼ਰ ਆਈ। ਜਦੋਂ ਪੁਲਿਸ ਨੇੜੇ ਪਹੁੰਚੀ ਤਾਂ ਹਰਪ੍ਰੀਤ ਤੇ ਲਵਪ੍ਰੀਤ ਨੇ ਕੁੱਝ ਚੀਜ਼ਾਂ ਸੀਟਾਂ ਥੱਲੇ ਲੁਕੋ ਦਿੱਤੀਆਂ। ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਆਈਸ ਡਰੱਗ ਤੇ ਹੋਰ ਸਾਮਾਨ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਇਹ ਨਸ਼ਾ ਸੰਦੀਪ ਅਰੋੜਾ ਪੁੱਤਰ ਅਮਰਜੀਤ ਵਾਸੀ ਈਟਾ ਨਗਰ (ਹੈਬੋਵਾਲ) ਤੋਂ ਖਰੀਦਿਆ ਸੀ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਮੁਤਾਬਿਕ ਹਰਪ੍ਰੀਤ ਕੋਲੋਂ ਦੋ ਮੋਬਾਈਲ ਅਤੇ ਲਵਪ੍ਰੀਤ ਕੋਲੋਂ ਇੱਕ ਸਿਲਵਰ ਫੌਇਲ, ਜਿਸ ਉਪਰ ਨਸ਼ਾ ਲੱਗਾ ਸੀ ਅਤੇ ਇੱਕ ਮੋਬਾਈਲ ਬਰਾਮਦ ਵੀ ਹੋਇਆ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਨਵੇਂ ਕਾਨੂੰਨ ਮੁਤਾਬਿਕ ਇਨ੍ਹਾਂ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕੀਤਾ। ਜਾਣਕਾਰੀ ਮੁਤਾਬਕ ਹੁਣ ਇਨ੍ਹਾਂ ਨੂੰ ਅਦਾਲਤੀ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਹਰਪ੍ਰੀਤ ਸਿੰਘ ਦੇ ਚਾਚਾ ਸੁਖਚੈਨ ਸਿੰਘ ਨੇ ਕਿਹਾ ਕਿ ਪੁਲਿਸ ਉਨ੍ਹਾਂ ਨਾਲ ਕੁੱਝ ਵੀ ਕਰ ਸਕਦੀ ਹੈ।
ਗ੍ਰਿਫ਼ਤਾਰੀ ਪਰਿਵਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼: ਪਿਤਾ
ਅੰਮ੍ਰਿਤਸਰ/ਰਈਆ : ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਨਸ਼ਿਆਂ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਉਸ ਦੇ ਪਿਤਾ ਤਰਸੇਮ ਸਿੰਘ ਨੇ ਦੋਸ਼ ਲਾਇਆ ਕਿ ਇਹ ਪੁਲਿਸ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਤਰਸੇਮ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪੰਜਾਬ ਵਿਚ ਨਸ਼ਿਆਂ ਖ਼ਿਲਾਫ਼ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਪਰਿਵਾਰ ਦੀ ਸੂਬੇ ਵਿਚ ਵੱਡੀ ਸਾਖ ਬਣੀ ਹੈ ਅਤੇ ਸਰਕਾਰਾਂ ਇਸ ਤੋਂ ਘਬਰਾ ਗਈਆਂ ਹਨ। ਇਸੇ ਲਈ ਹੁਣ ਪਰਿਵਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ।