#PUNJAB

ਅੰਮ੍ਰਿਤਪਾਲ ਸਿੰਘ ਤੇ ਇੰਜਨੀਅਰ ਰਾਸ਼ਿਦ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

ਨਵੀਂ ਦਿੱਲੀ, 5 ਜੁਲਾਈ (ਪੰਜਾਬ ਮੇਲ)- ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਅੱਜ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਸੰਸਦ ਭਵਨ ’ਚ ਸਹੁੰ ਚੁਕਾਈ ਗਈ। ਇਸ ਤੋਂ ਇਲਾਵਾ ਇੰਜਨੀਅਰ ਰਸ਼ੀਦ ਨੂੰ ਵੀ ਸਹੁੰ ਚੁਕਾਈ ਗਈ ਜਿਸ ਨੂੰ ਤਿਹਾੜ ਜੇਲ੍ਹ ਤੋਂ ਦੋ ਘੰਟੇ ਦੀ ਪੈਰੋਲ ਦਿੱਤੀ ਗਈ ਸੀ। ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਨੂੰ ਚਾਰ ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਪਰ ਪਰਿਵਾਰ ਨੂੰ ਮਿਲਣ ਤੋਂ ਬਾਅਦ ਰਾਸ਼ਿਦ ਤੇ ਅੰਮ੍ਰਿਤਪਾਲ ਸਿੰਘ ਨੂੰ ਅੱਜ ਹੀ ਵਾਪਸ ਤਿਹਾੜ ਅਤੇ ਡਿਬਰੂਗੜ੍ਹ ਜੇਲ੍ਹ ਲਿਜਾਇਆ ਜਾਵੇਗਾ। ਅੰਮ੍ਰਿਤਪਾਲ ਸਿੰਘ ਦੇ ਪਿਤਾ ਸਣੇ ਤਿੰਨ ਜਣਿਆਂ ਨੂੰ ਹੀ ਮਿਲਣ ਦੀ ਮਨਜ਼ੂਰੀ ਦਿੱਤੀ ਗਈ ਹੈ ਤੇ ਉਹ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਪੁਲੀਸ ਸੁਰੱਖਿਆ ਨਾਲ ਸੰਸਦ ਭਵਨ ਵੱਲ ਰਵਾਨਾ ਹੋ ਗਏ ਹਨ। ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਤੋਂ ਬਾਅਦ ਉਸ ਨੂੰ ਅੱਜ ਹੀ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਿਆ ਜਾਵੇਗਾ। ਇਹ ਵੀ ਪਤਾ ਲੱਗਿਆ ਹੈ ਕਿ ਅੰਮ੍ਰਿਤਪਾਲ ਦੀ ਪਤਨੀ ਇਸ ਵੇਲੇ ਆਸਾਮ ਵਿਚ ਹੀ ਹੈ। ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁੱਕ ਸਮਾਗਮ ਲਈ ਚਾਰ ਦਿਨ ਦੀ ਪੈਰੋਲ ਦਿੱਤੀ ਗਈ ਹੈ। ਪੁਲੀਸ ਦੇ ਸੀਨੀਅਰ ਸੁਪਰਡੈਂਟ (ਐਸਐਸਪੀ) ਰੈਂਕ ਦੇ ਇੱਕ ਅਧਿਕਾਰੀ ਦੀ ਅਗਵਾਈ ਹੇਠ ਪੁਲੀਸ ਟੀਮ ਵੀਰਵਾਰ ਦੁਪਹਿਰ ਨੂੰ ਇੱਥੇ ਪਹੁੰਚੀ।