#EUROPE

‘ਅੰਤਰਰਾਸ਼ਟਰੀ ਕਾਨੂੰਨ’ ਹੁਣ ਲਗਭਗ ਖ਼ਤਮ ਹੋ ਚੁੱਕਾ ਹੈ : ਰੂਸ

ਮਾਸਕੋ, 9 ਮਾਰਚ (ਪੰਜਾਬ ਮੇਲ)- ਪੱਛਮੀ ਏਸ਼ੀਆ ਵਿਚ ਵਧਦੇ ਤਣਾਅ ਦੇ ਵਿਚਕਾਰ ਰੂਸ ਨੇ ਇੱਕ ਬਹੁਤ ਵੱਡਾ ਬਿਆਨ ਜਾਰੀ ਕੀਤਾ ਹੈ। ਈਰਾਨ ਉੱਤੇ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ਤੋਂ ਬਾਅਦ ਰੂਸ ਨੇ ਕਿਹਾ ਹੈ ਕਿ ਜਿਸ ‘ਅੰਤਰਰਾਸ਼ਟਰੀ ਕਾਨੂੰਨ’ ਦੀ ਦੁਨੀਆ ਗੱਲ ਕਰਦੀ ਹੈ, ਉਹ ਹੁਣ ਲਗਭਗ ਖ਼ਤਮ ਹੋ ਚੁੱਕਾ ਹੈ। ਇਸ ਵਿਗੜਦੇ ਮਾਹੌਲ ਨੂੰ ਦੇਖਦੇ ਹੋਏ ਰੂਸ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਉਸ ਪੁਰਾਣੇ ਪ੍ਰਸਤਾਵ ਨੂੰ ਮੁੜ ਦੁਹਰਾਇਆ ਹੈ, ਜਿਸ ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪੰਜ ਸਥਾਈ ਮੈਂਬਰਾਂ (ਪੀ-5) ਦੀ ਬੈਠਕ ਬੁਲਾਉਣ ਦੀ ਗੱਲ ਕਹੀ ਗਈ ਸੀ।
ਕ੍ਰੇਮਲਿਨ ਦੇ ਬੁਲਾਰੇ ਦਿਮਿਤਰੀ ਪੇਸਕੋਵ ਨੇ ਰੂਸੀ ਸਰਕਾਰੀ ਟੀ.ਵੀ. ਨੂੰ ਦਿੱਤੇ ਇੱਕ ਇੰਟਰਵਿਊ ਵਿਚ ਕਿਹਾ ਕਿ ਅੱਜ ਦੇ ਦੌਰ ਵਿਚ ਅੰਤਰਰਾਸ਼ਟਰੀ ਕਾਨੂੰਨ ਸਿਰਫ਼ ਕਿਤਾਬਾਂ ਜਾਂ ਕਾਗਜ਼ਾਂ ਵਿਚ ਹੀ ਰਹਿ ਗਿਆ ਹੈ, ਜਦਕਿ ਜ਼ਮੀਨੀ ਹਕੀਕਤ ਵਿਚ ਇਸ ਦਾ ਕੋਈ ਵਜੂਦ ਨਹੀਂ ਬਚਿਆ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਕਾਨੂੰਨ ਦਾ ਕੋਈ ਵਜੂਦ ਹੀ ਨਹੀਂ ਰਿਹਾ, ਤਾਂ ਕਿਸੇ ਨੂੰ ਇਸ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਵੇਂ ਕਿਹਾ ਜਾ ਸਕਦਾ ਹੈ?
ਰੂਸ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਦੁਨੀਆਂ ਦੀਆਂ ਪੰਜ ਵੱਡੀਆਂ ਤਾਕਤਾਂ-ਰੂਸ, ਅਮਰੀਕਾ, ਚੀਨ, ਫਰਾਂਸ ਅਤੇ ਬ੍ਰਿਟੇਨ ਨੂੰ ਇੱਕ ਮੰਚ ‘ਤੇ ਇਕੱਠੇ ਬੈਠਣਾ ਚਾਹੀਦਾ ਹੈ। ਪੇਸਕੋਵ ਅਨੁਸਾਰ, ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਵੀ ਪੁਤਿਨ ਨੇ ਵਿਸ਼ਵ ਸੁਰੱਖਿਆ ਅਤੇ ਸਥਿਰਤਾ ‘ਤੇ ਚਰਚਾ ਕਰਨ ਲਈ ਇਹ ਪ੍ਰਸਤਾਵ ਦਿੱਤਾ ਸੀ, ਜਿਸ ‘ਤੇ ਹੁਣ ਗੌਰ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ।
ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਇਸ ਸਥਿਤੀ ਲਈ ਸਿੱਧੇ ਤੌਰ ‘ਤੇ ਅਮਰੀਕਾ ਨੂੰ ਨਿਸ਼ਾਨੇ ‘ਤੇ ਲਿਆ ਹੈ। ਰੂਸ ਨੇ ਚਿਤਾਵਨੀ ਦਿੱਤੀ ਹੈ ਕਿ ਈਰਾਨ ‘ਤੇ ਹੋ ਰਹੇ ਹਮਲਿਆਂ ਕਾਰਨ ਸਥਿਤੀ ਹੱਥੋਂ ਨਿਕਲ ਰਹੀ ਹੈ, ਜਿਸ ਦੇ ਨਤੀਜੇ ਵਜੋਂ ਪੂਰੀ ਦੁਨੀਆਂ ਨੂੰ ਵੱਡੇ ਆਰਥਿਕ ਅਤੇ ਸਿਆਸੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲਾਵਰੋਵ ਨੇ ਮੰਗ ਕੀਤੀ ਕਿ ਅਮਰੀਕਾ ਨੂੰ ਆਪਣੀਆਂ ਉਨ੍ਹਾਂ ਯੋਜਨਾਵਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ, ਜਿਨ੍ਹਾਂ ਕਾਰਨ ਅਜਿਹੇ ਹਾਲਾਤ ਬਣ ਰਹੇ ਹਨ।
ਰੂਸ ਦਾ ਮੰਨਣਾ ਹੈ ਕਿ ਹੁਣ ਉਹ ਸਮਾਂ ਆ ਗਿਆ ਹੈ, ਜਦੋਂ ਸਾਨੂੰ ਇਹ ਪਰਿਭਾਸ਼ਿਤ ਕਰਨਾ ਹੋਵੇਗਾ ਕਿ ਅਸੀਂ ਕਿਸ ਤਰ੍ਹਾਂ ਦੀ ਦੁਨੀਆਂ ਵਿਚ ਰਹਿ ਰਹੇ ਹਾਂ।