#INDIA

ਅਸੈਂਬਲੀ ਜ਼ਿਮਨੀ ਚੋਣਾਂ: 13 ‘ਚੋਂ 10 ਸੀਟਾਂ ਉੱਤੇ ‘ਇੰਡੀਆ’ ਗੱਠਜੋੜ ਕਾਬਜ਼

– ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਨੇ ਚਾਰੋਂ ਸੀਟਾਂ ਜਿੱਤੀਆਂ
– ਕਾਂਗਰਸ ਵੱਲੋਂ ਹਿਮਾਚਲ ਤੇ ਉੱਤਰਾਖੰਡ ‘ਚ ਦੋ-ਦੋ ਸੀਟਾਂ ਉੱਤੇ ਜਿੱਤ ਦਰਜ
– ਭਾਜਪਾ ਹਿੱਸੇ ਸਿਰਫ਼ ਦੋ ਸੀਟਾਂ ਆਈਆਂ
ਨਵੀਂ ਦਿੱਲੀ, 13 ਜੁਲਾਈ (ਪੰਜਾਬ ਮੇਲ)- ਕਾਂਗਰਸ, ਆਮ ਆਦਮੀ ਪਾਰਟੀ, ਤ੍ਰਿਣਮੂਲ ਕਾਂਗਰਸ ਅਤੇ ਡੀ.ਐੱਮ.ਕੇ. ਦੀ ਸ਼ਮੂਲੀਅਤ ਵਾਲਾ ‘ਇੰਡੀਆ’ ਗੱਠਜੋੜ ਸੱਤ ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਦੌਰਾਨ ਅੱਜ ਬਾਅਦ ਦੁਪਹਿਰ 4.45 ਵਜੇ ਤੱਕ ਪੰਜਾਬ ਦੀ ਜਲੰਧਰ ਪੱਛਮੀ, ਹਿਮਾਚਲ ਪ੍ਰਦੇਸ਼ ਦੀਆਂ ਦੇਹਰਾ ਤੇ ਨਾਲਾਗੜ੍ਹ ਸੀਟਾਂ, ਪੱਛਮੀ ਬੰਗਾਲ ਦੀਆਂ ਚਾਰੋਂ ਵਿਧਾਨ ਸਭਾ ਸੀਟਾਂ ਰਾਏਗੰਜ, ਰਾਨਾਘਾਟ ਦੱਖਣੀ, ਬਾਗਦਾ ਅਤੇ ਮਾਨਿਕਤਲਾ ਜਿੱਤਣ ਵਿਚ ਸਫ਼ਲ ਰਿਹਾ। ਇਸੇ ਤਰ੍ਹਾਂ ਤਾਮਿਲਨਾਡੂ ਵਿਚ ਡੀ.ਐੱਮ.ਕੇ. ਨੇ ਵਿਕਰਵਾਂਡੀ ਸੀਟ ‘ਤੇ ਜਿੱਤ ਦਰਜ ਕੀਤੀ। ਉੱਤਰਾਖੰਡ ਵਿਚ ਕਾਂਗਰਸ ਨੇ ਬਦਰੀਨਾਥ ਤੇ ਮੰਗਲੌਰ ਦੋਵੇਂ ਸੀਟਾਂ ‘ਤੇ ਜਿੱਤ ਦਰਜ ਕੀਤੀ। ਦੂਜੇ ਪਾਸੇ ਤਰ੍ਹਾਂ ਭਾਜਪਾ ਨੇ ਹਿਮਾਚਲ ਪ੍ਰਦੇਸ਼ ਦੀ ਹਮੀਰਪੁਰ ਸੀਟ ਅਤੇ ਮੱਧ ਪ੍ਰਦੇਸ਼ ਦੀ ਅਮਰਵਾੜਾ ਸੀਟ ‘ਤੇ ਜਿੱਤ ਦਰਜ ਕੀਤੀ। ਉੱਧਰ, ਬਿਹਾਰ ਦੀ ਰੂਪੌਲੀ ਵਿਧਾਨ ਸਭਾ ਸੀਟ ਇਕ ਆਜ਼ਾਦ ਉਮੀਦਵਾਰ ਨੇ ਜਿੱਤ ਲਈ ਹੈ।
ਪੰਜਾਬ ਦੀ ਜਲੰਧਰ ਪੱਛਮੀ ਦੀ ਸੀਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ 37,325 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀ ਹੈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੀ ਦੇਹਰਾ ਸੀਟ ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ 9399 ਵੋਟਾਂ ਨਾਲ ਜਿੱਤ ਲਈ ਹੈ। ਉਨ੍ਹਾਂ ਦੋ ਵਾਰ ਵਿਧਾਇਕ ਰਹੇ ਭਾਜਪਾ ਉਮੀਦਵਾਰ ਹੁਸ਼ਿਆਰ ਸਿੰਘ ਨੂੰ ਹਰਾਇਆ ਹੈ। ਉੱਧਰ, ਹਿਮਾਚਲ ਪ੍ਰਦੇਸ਼ ਦੀ ਹੀ ਨਾਲਾਗੜ੍ਹ ਸੀਟ ‘ਤੇ ਕਾਂਗਰਸ ਦੇ ਹਰਦੀਪ ਸਿੰਘ ਬਾਵਾ ਨੇ 8990 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਪੱਛਮੀ ਬੰਗਾਲ ਦੀਆਂ ਤਿੰਨ ਵਿਧਾਨ ਸਭਾ ਸੀਟਾਂ ‘ਤੇ ਹੋਈ ਜ਼ਿਮਨੀ ਚੋਣ ਵਿਚ ਰਾਏਗੰਜ ਸੀਟ ਤੋਂ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਕ੍ਰਿਸ਼ਨਾ ਕਲਿਆਣੀ ਨੇ ਆਪਣੇ ਨੇੜਲੇ ਵਿਰੋਧੀ ਅਤੇ ਭਾਜਪਾ ਉਮੀਦਵਾਰ ਮਾਨਸ ਕੁਮਾਰ ਘੋਸ਼ ਨੂੰ 50,077 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ ਹੈ। ਕਲਿਆਣੀ ਨੂੰ 86,479 ਵੋਟਾਂ ਮਿਲੀਆਂ, ਜਦਕਿ ਘੋਸ ਨੂੰ 36,402 ਵੋਟਾਂ ਮਿਲੀਆਂ। ਇਸੇ ਤਰ੍ਹਾਂ ਸੂਬੇ ਦੀ ਰਾਨਾਘਾਟ ਦੱਖਣੀ ਸੀਟ ਤੋਂ ਟੀ.ਐੱਮ.ਸੀ. ਦੇ ਮੁਕੁਟਮਨੀ ਅਧਿਕਾਰੀ ਨੇ ਭਾਜਪਾ ਦੇ ਮਨੋਜ ਕੁਮਾਰ ਬਿਸਵਾਸ ਨੂੰ 39048 ਵੋਟਾਂ ਨਾਲ ਹਰਾਇਆ। ਸੂਬੇ ਦੀ ਹੀ ਬਾਗਦਾ ਸੀਟ ਤੋਂ ਟੀ.ਐੱਮ.ਸੀ. ਦੇ ਮਧੂਪਰਨ ਠਾਕੁਰ ਨੇ ਭਾਜਪਾ ਦੇ ਵਿਨੈ ਕੁਮਾਰ ਬਿਸਵਾਸ ਨੂੰ 33455 ਵੋਟਾਂ ਨਾਲ ਹਰਾਇਆ। ਇਸ ਤੋਂ ਇਲਾਵਾ ਪੱਛਮੀ ਬੰਗਾਲ ਦੀ ਹੀ ਮਾਨਿਕਤਲਾ ਸੀਟ ‘ਤੇ ਵੀ ਟੀ.ਐੱਮ.ਸੀ. ਦੀ ਸੁਪਤੀ ਪਾਂਡੇ ਨੇ ਭਾਜਪਾ ਉਮੀਦਵਾਰ ਕਲਿਆਣ ਚੌਬੇ ਨੂੰ 62312 ਵੋਟਾਂ ਦੇ ਫਰਕ ਨਾਲ ਹਰਾਇਆ। ਤਾਮਿਲਨਾਡੂ ਦੀ ਵਿਕਰਵਾਂਡੀ ਵਿਧਾਨ ਸਭਾ ਸੀਟ ‘ਇੰਡੀਆ’ ਗੱਠਜੋੜ ਦੀ ਭਾਈਵਾਲ ਡੀ.ਐੱਮ.ਕੇ. ਦੇ ਉਮੀਦਵਾਰ ਏ ਸ਼ਿਵਾ ਨੇ 67,757 ਵੋਟਾਂ ਨਾਲ ਜਿੱਤੀ। ਉੱਤਰਾਖੰਡ ਵਿਚ ਕਾਂਗਰਸ ਦੇ ਲਖਪਤ ਸਿੰਘ ਬੁਟੋਲਾ ਨੇ ਅੱਜ ਜ਼ਿਮਨੀ ਚੋਣਾਂ ਦੇ ਨਤੀਜਿਆਂ ‘ਚ ਬਦਰੀਨਾਥ ਵਿਧਾਨ ਸਭਾ ਸੀਟ ਜਿੱਤ ਲਈ। ਉਨ੍ਹਾਂ ਭਾਜਪਾ ਦੇ ਰਾਜਿੰਦਰ ਸਿੰਘ ਭੰਡਾਰ ਨੂੰ 5224 ਵੋਟਾਂ ਨਾਲ ਹਰਾਇਆ। ਉੱਤਰਾਖੰਡ ਦੀ ਮੰਗਲੌਰ ਸੀਟ ‘ਤੇ ਵੀ ਕਾਂਗਰਸ ਦੇ ਕਾਜ਼ੀ ਮੁਹੰਮਦ ਨਿਜ਼ਾਮੂਦੀਨ ਨੇ ਜਿੱਤ ਹਾਸਲ ਕੀਤੀ। ਉਨ੍ਹਾਂ ਭਾਜਪਾ ਦੇ ਕਰਤਾਰ ਸਿੰਘ ਭੜਾਨਾ ਨੂੰ 422 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਇਸੇ ਦੌਰਾਨ ਬਿਹਾਰ ਦੀ ਰੂਪੌਲੀ ਵਿਧਾਨ ਸਭਾ ਸੀਟ ‘ਤੇ ਆਜ਼ਾਦ ਉਮੀਦਵਾਰ ਸ਼ੰਕਰ ਸਿੰਘ ਨੇ ਜਨਤਾ ਦਲ (ਯੂਨਾਈਟਿਡ) ਦੇ ਕਲਾਧਰ ਪ੍ਰਸਾਦ ਮੰਡਲ ਨੂੰ 8000 ਤੋਂ ਵੱਧ ਵੋਟਾਂ ਨਾਲ ਹਰਾਇਆ।
ਉੱਧਰ, ਭਾਜਪਾ ਦੇ ਆਸ਼ੀਸ਼ ਸ਼ਰਮਾ ਨੇ ਹਿਮਾਚਲ ਪ੍ਰਦੇਸ਼ ਦੀ ਹਮੀਰਪੁਰ ਸੀਟ 1571 ਵੋਟਾਂ ਦੇ ਫਰਕ ਨਾਲ ਜਿੱਤੀ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੀ ਅਮਰਵਾੜਾ ਸੀਟਾ ਭਾਜਪਾ ਦੇ ਕਮਲੇਸ਼ ਸ਼ਾਹ ਨੇ 3200 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਲਈ।