#AMERICA

ਅਸੀਂ ਨਹੀਂ ਹਾਰਾਂਗੇ; ਅਮਰੀਕਾ ਸੁਨਹਿਰੀ ਯੁੱਗ ਦੀ ਦਹਿਲੀਜ਼ ‘ਤੇ : ਟਰੰਪ

ਵਾਸ਼ਿੰਗਟਨ, 19 ਜੁਲਾਈ (ਪੰਜਾਬ ਮੇਲ)- ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਦੇਸ਼ ਵਾਸੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਹੁਣ ਦੁਨੀਆਂ ਵਿਚ ਸਭ ਤੋਂ ਵਧੀਆ ਲੀਡਰਸ਼ਿਪ ਦੀ ਮੰਗ ਕਰਨ ਅਤੇ ਉਮੀਦ ਕਰਨ ਦਾ ਸਮਾਂ ਹੈ ਜੋ ਸਾਹਸੀ, ਗਤੀਸ਼ੀਲ, ਮਜ਼ਬੂਤ ਅਤੇ ਨਿਰਭਉ ਹੋਵੇ। ਟਰੰਪ ਨੇ ਕਿਹਾ, ”ਅਮਰੀਕਾ ਇੱਕ ਨਵੇਂ ਸੁਨਹਿਰੀ ਯੁੱਗ ਦੀ ਦਹਿਲੀਜ਼ ‘ਤੇ ਹੈ, ਪਰ ਸਾਨੂੰ ਇਸ ਯੁੱਗ ਨੂੰ ਲਿਆਉਣ ਲਈ ਦਲੇਰਾਨਾ ਕਦਮ ਚੁੱਕਣੇ ਪੈਣਗੇ। ਅਸੀਂ ਨਹੀਂ ਹਾਰਾਂਗੇ।”
ਵੀਰਵਾਰ ਨੂੰ ਰਸਮੀ ਤੌਰ ‘ਤੇ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਵੱਲੋਂ ਨਾਮਜ਼ਦਗੀ ਸਵੀਕਾਰ ਕਰਦੇ ਹੋਏ ਟਰੰਪ (78) ਨੇ ਆਪਣੇ ਭਾਸ਼ਣ ‘ਚ ਅਮਰੀਕੀਆਂ ਨੂੰ ਅਪੀਲ ਕੀਤੀ ਕਿ ਉਹ 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਜਿੱਤਣ ‘ਚ ਉਨ੍ਹਾਂ ਦੀ ਮਦਦ ਕਰਨ। ਉਨ੍ਹਾਂ ‘ਤੇ ਹਮਲੇ ਦੇ ਲਗਭਗ ਇਕ ਹਫਤੇ ਬਾਅਦ, ਟਰੰਪ ਨੇ ਕਿਹਾ, ”ਅੱਜ ਮੈਂ ਨਿਮਰਤਾ ਨਾਲ ਤੁਹਾਡੇ ਸਹਿਯੋਗ, ਤੁਹਾਡੇ ਸਮਰਥਨ ਅਤੇ ਤੁਹਾਡੀ ਵੋਟ ਦੀ ਮੰਗ ਕਰਦਾ ਹਾਂ। ਮੈਂ ਤੁਹਾਡੇ ਭਰੋਸੇ ਦਾ ਸਨਮਾਨ ਕਰਨ ਲਈ ਹਰ ਰੋਜ਼ ਕੋਸ਼ਿਸ਼ ਕਰਾਂਗਾ ਅਤੇ ਮੈਂ ਤੁਹਾਨੂੰ ਕਦੇ ਵੀ ਨਿਰਾਸ਼ ਨਹੀਂ ਕਰਾਂਗਾ।” ਉਨ੍ਹਾਂ ਕਿਹਾ, ”ਜਿਹੜੇ ਮਰਦਾਂ ਅਤੇ ਔਰਤਾਂ ਨੂੰ ਭੁਲਾ ਦਿੱਤਾ ਗਿਆ ਹੈ, ਜੋ ਪਿੱਛੇ ਰਹਿ ਗਏ ਹਨ, ਜਿਨ੍ਹਾਂ ‘ਤੇ ਧਿਆਨ ਨਹੀਂ ਦਿੱਤਾ ਗਿਆ, ਹੁਣ ਉਨ੍ਹਾਂ ਨਾਲ ਅਜਿਹਾ ਨਹੀਂ ਹੋਵੇਗਾ। ਅਸੀਂ ਇਕੱਠੇ ਅੱਗੇ ਵਧਾਂਗੇ ਅਤੇ ਅਸੀਂ ਜਿੱਤਾਂਗੇ।”
ਟਰੰਪ ਨੇ ‘ਰਿਪਬਲਿਕਨ ਨੈਸ਼ਨਲ ਕਨਵੈਨਸ਼ਨ’ ‘ਚ ਕਿਹਾ, ”ਮੈਂ ਅੱਜ ਸ਼ਾਮ ਤੁਹਾਡੇ ਸਾਰਿਆਂ ਦੇ ਸਾਹਮਣੇ ਆਤਮਵਿਸ਼ਵਾਸ, ਤਾਕਤ ਅਤੇ ਉਮੀਦ ਦੇ ਸੰਦੇਸ਼ ਨਾਲ ਖੜ੍ਹਾ ਹਾਂ। ਹੁਣ ਤੋਂ ਚਾਰ ਮਹੀਨਿਆਂ ਬਾਅਦ ਅਸੀਂ ਸ਼ਾਨਦਾਰ ਜਿੱਤ ਹਾਸਲ ਕਰ ਲਵਾਂਗੇ ਅਤੇ ਸਾਡੇ ਸ਼ਾਸਨ ਦੇ ਅਗਲੇ ਚਾਰ ਸਾਲ ਦੇਸ਼ ਦੇ ਇਤਿਹਾਸ ਦੇ ਸਭ ਤੋਂ ਮਹਾਨ ਸਾਲ ਹੋਣਗੇ।” ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਕਿਹਾ, ”ਕੋਈ ਵੀ ਚੀਜ਼ ਸਾਨੂੰ ਰੋਕ ਨਹੀਂ ਸਕਦੀ ਅਤੇ ਨਾ ਹੀ ਸਾਡੀ ਰਫ਼ਤਾਰ ਹੌਲੀ ਕਰ ਸਕਦੀ ਹੈ। ਸਾਡੇ ਰਾਹ ਵਿਚ ਭਾਵੇਂ ਕਿੰਨੇ ਵੀ ਵੱਡੇ ਖ਼ਤਰੇ ਅਤੇ ਕਿੰਨੀਆਂ ਵੀ ਰੁਕਾਵਟਾਂ ਆ ਜਾਣ, ਅਸੀਂ ਆਪਣੇ ਉੱਜਵਲ ਭਵਿੱਖ ਲਈ ਯਤਨਸ਼ੀਲ ਰਹਾਂਗੇ ਅਤੇ ਅਸੀਂ ਇਸ ਵਿਚ ਅਸਫਲ ਨਹੀਂ ਹੋਵਾਂਗੇ।” ਉਨ੍ਹਾਂ ਕਿਹਾ, ”ਅਸੀਂ ਮਿਲ ਕੇ ਇਸ ਦੇਸ਼ ਨੂੰ ਬਚਾਵਾਂਗੇ, ਲੋਕਤੰਤਰ ਨੂੰ ਮੁੜ ਸੁਰਜੀਤ ਕਰਾਂਗੇ। ਅਸੀਂ ਉਸ ਖੁਸ਼ਹਾਲ ਅਤੇ ਸ਼ਾਨਦਾਰ ਕੱਲ੍ਹ ਦੀ ਸ਼ੁਰੂਆਤ ਕਰਾਂਗੇ, ਜਿਸਦੇ ਸਾਡੇ ਲੋਕ ਸੱਚਮੁੱਚ ਹੱਕਦਾਰ ਹਨ।”
ਟਰੰਪ ਨੇ ਆਪਣੇ ‘ਤੇ ਹੋਏ ਘਾਤਕ ਹਮਲੇ ਤੋਂ ਬਾਅਦ ਅਮਰੀਕੀਆਂ ਵੱਲੋਂ ਦਿਖਾਏ ਗਏ ”ਪਿਆਰ ਅਤੇ ਸਮਰਥਨ” ਲਈ ਧੰਨਵਾਦ ਪ੍ਰਗਟਾਇਆ। ਉਨ੍ਹਾਂ ਦਾ ਸੰਕਲਪ ਅਟੱਲ ਹੈ ਅਤੇ ਉਹ ਅਮਰੀਕੀ ਲੋਕਾਂ ਦੀ ਸੇਵਾ ਕਰਨ ਵਾਲੀ ਸਰਕਾਰ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਸ ਨੇ ਕਿਹਾ, ”ਇਸ ਲਈ ਅੱਜ ਰਾਤ, ਮੈਂ ਪੂਰੇ ਵਿਸ਼ਵਾਸ ਅਤੇ ਸਮਰਪਣ ਨਾਲ ਸੰਯੁਕਤ ਰਾਜ ਦੇ ਰਾਸ਼ਟਰਪਤੀ ਲਈ ਆਪਣੀ ਉਮੀਦਵਾਰੀ ਨੂੰ ਸਵੀਕਾਰ ਕਰਦਾ ਹਾਂ। ਟਰੰਪ ਨੇ ਰਾਸ਼ਟਰਪਤੀ ਦੇ ਤੌਰ ‘ਤੇ ਆਪਣੇ ਕਾਰਜਕਾਲ ਦਾ ਜ਼ਿਕਰ ਕਰਦੇ ਹੋਏ ਦਾਅਵਾ ਕੀਤਾ ਕਿ ਉਹ ਆਧੁਨਿਕ ਸਮੇਂ ਦੇ ਪਹਿਲੇ ਅਜਿਹੇ ਰਾਸ਼ਟਰਪਤੀ ਸਨ, ਜਿਨ੍ਹਾਂ ਨੇ ਕੋਈ ਨਵਾਂ ਯੁੱਧ ਸ਼ੁਰੂ ਨਹੀਂ ਕੀਤਾ। ਉਸਨੇ ਕਿਹਾ, ”ਯੂਰਪ ਅਤੇ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਸੀ। ਅਸੀਂ ਸੀਰੀਆ ਅਤੇ ਇਰਾਕ ਵਿਚ ਆਈ.ਐੱਸ.ਆਈ.ਐੱਸ. ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ। ਇਸ ਕੰਮ ਨੂੰ ਪੰਜ ਸਾਲ ਲੱਗਣੇ ਸਨ ਪਰ ਮੈਂ ਦੋ ਮਹੀਨਿਆਂ ਵਿਚ ਇਹ ਕਰ ਲਿਆ। ਮੈਂ ਉੱਤਰੀ ਕੋਰੀਆ ਦੇ ਮਿਜ਼ਾਈਲ ਲਾਂਚ ਨੂੰ ਰੋਕ ਦਿੱਤਾ।”