ਵਾਸ਼ਿੰਗਟਨ, 10 ਅਗਸਤ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਯੂਕਰੇਨ ’ਚ ਜੰਗ ਖ਼ਤਮ ਕਰਨ ਦੇ ਮੁੱਦੇ ’ਤੇ ਚਰਚਾ ਲਈ ਅਗਲੇ ਸ਼ੁੱਕਰਵਾਰ 15 ਅਗਸਤ ਨੂੰ ਅਲਾਸਕਾ ’ਚ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੁਲਾਕਾਤ ਨਾਲ ਹਾਂ-ਪੱਖੀ ਸਿੱਟੇ ਨਿਕਲ ਸਕਦੇ ਹਨ। ਉਂਝ ਪਿਛਲੇ ਕੁਝ ਹਫ਼ਤਿਆਂ ਤੋਂ ਟਰੰਪ ਇਸ ਗੱਲ ਨੂੰ ਲੈ ਕੇ ਨਿਰਾਸ਼ਾ ਜਤਾ ਰਹੇ ਹਨ ਕਿ ਜੰਗ ਰੋਕਣ ਲਈ ਜ਼ਿਆਦਾ ਕੋਸ਼ਿਸ਼ਾਂ ਨਹੀਂ ਹੋ ਰਹੀਆਂ ਹਨ। ਪੂਤਿਨ ਨਾਲ ਸੰਭਾਵੀ ਮੁਲਾਕਾਤ ਨੂੰ ‘ਚਿਰਾਂ ਤੋਂ ਉਡੀਕੀ ਜਾ ਰਹੀ ਮੀਟਿੰਗ’ ਕਰਾਰ ਦਿੰਦਿਆਂ ਟਰੰਪ ਨੇ ਸੋਸ਼ਲ ਮੀਡੀਆ ’ਤੇ ਪੋਸਟ ’ਚ ਕਿਹਾ ਕਿ ਇਹ ਮੀਟਿੰਗ 15 ਅਗਸਤ ਨੂੰ ਅਲਾਸਕਾ ’ਚ ਹੋਵੇਗੀ।
ਉਨ੍ਹਾਂ ਕਿਹਾ ਕਿ ਰੂਸ ਅਤੇ ਯੂਕਰੇਨ ’ਚ ਸੰਭਾਵੀ ਸਮਝੌਤਾ ਸਾਢੇ ਤਿੰਨ ਸਾਲਾਂ ਦੇ ਸੰਘਰਸ਼ ਨੂੰ ਹੱਲ ਕਰ ਸਕਦਾ ਹੈ, ਜਿਸ ਲਈ ਯੂਕਰੇਨ ਨੂੰ ਮਹੱਤਵਪੂਰਨ ਖੇਤਰ ਛੱਡਣ ਦੀ ਲੋੜ ਹੋ ਸਕਦੀ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਪਹਿਲਾਂ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸੁਝਾਅ ਦਿੱਤਾ ਸੀ ਕਿ ਸਮਝੌਤੇ ਵਿੱਚ ਜ਼ਮੀਨ ਦੀ ਕੁਝ ਅਦਲਾ-ਬਦਲੀ ਸ਼ਾਮਲ ਹੋ ਸਕਦੀ ਹੈ। ਟਰੰਪ ਨੇ ਕਿਹਾ, ‘‘ਦੋਵਾਂ ਦੀ ਬਿਹਤਰੀ ਲਈ ਖੇਤਰਾਂ ਦੀ ਕੁਝ ਅਦਲਾ-ਬਦਲੀ ਹੋਵੇਗੀ।” ਕ੍ਰੈਮਲਿਨ ਦੇ ਨੇੜਲੇ ਵਿਅਕਤੀਆਂ ਸਮੇਤ ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਰੂਸ ਉਨ੍ਹਾਂ ਇਲਾਕਿਆਂ ਨੂੰ ਛੱਡਣ ਦੀ ਤਜਵੀਜ਼ ਦੇ ਸਕਦਾ ਹੈ ਜੋ ਉਨ੍ਹਾਂ ਚਾਰ ਖੇਤਰਾਂ ਦੇ ਬਾਹਰ ਹਨ ਜਿਨ੍ਹਾਂ ਨੂੰ ਉਹ ਪਹਿਲਾਂ ਹੀ ਆਪਣੇ ਮੁਲਕ ’ਚ ਮਿਲਾ ਲੈਣ ਦਾ ਦਾਅਵਾ ਕਰ ਚੁੱਕਿਆ ਹੈ। ਪੂਤਿਨ ਚਾਰ ਯੂਕਰੇਨੀ ਖੇਤਰਾਂ ਲੁਹਾਨਸਕ, ਡੋਨੇਤਸਕ, ਜ਼ਾਪੋਰਿਜ਼ੀਆ ਅਤੇ ਖੇਰਸਾਨ ਦੇ ਨਾਲ-ਨਾਲ ਕ੍ਰੀਮੀਆ ਦੇ ਕਾਲੇ ਸਾਗਰ ਪ੍ਰਾਏਦੀਪ ’ਤੇ ਦਾਅਵਾ ਕਰਦੇ ਹਨ, ਜਿਸ ਨੂੰ ਉਨ੍ਹਾਂ 2014 ਵਿੱਚ ਆਪਣੇ ਨਾਲ ਮਿਲਾ ਲਿਆ ਸੀ। ਰੂਸੀ ਫੌਜ ਦਾ ਇਨ੍ਹਾਂ ਚਾਰ ਖ਼ਿੱਤਿਆਂ ’ਤੇ ਪੂਰੀ ਤਰ੍ਹਾਂ ਕੰਟਰੋਲ ਨਹੀਂ ਹੈ। ਪੂਤਿਨ ਦੇ ਸਹਿਯੋਗੀ ਯੂਰੀ ਉਸ਼ਾਕੋਵ ਨੇ ਕਿਹਾ ਕਿ ਦੋਵੇਂ ਆਗੂ ਯੂਕਰੇਨੀ ਸੰਕਟ ਦੇ ਲੰਮੇ ਸਮੇਂ ਦੇ ਸ਼ਾਂਤੀਪੂਰਨ ਹੱਲ ਲਈ ਬਦਲਾਂ ’ਤੇ ਚਰਚਾ ਕਰਨ ਵੱਲ ਧਿਆਨ ਕੇਂਦਰਤ ਕਰਨਗੇ। ਉਨ੍ਹਾਂ ਕਿਹਾ, ‘‘ਇਹ ਸਪੱਸ਼ਟ ਤੌਰ ’ਤੇ ਚੁਣੌਤੀਪੂਰਨ ਅਮਲ ਹੋਵੇਗਾ, ਪਰ ਅਸੀਂ ਇਸ ਵਿੱਚ ਪੂਰੀ ਸਰਗਰਮੀ ਅਤੇ ਜੋਸ਼ ਨਾਲ ਸ਼ਾਮਲ ਹੋਵਾਂਗੇ।’’