ਇਕ ਮਹੀਨੇ ’ਚ ਅਡਾਨੀ ਗਰੁੱਪ ਦੀਆਂ ਕੰਪਨੀਆਂ ਦਾ ਮਾਰਕੀਟ ਕੈਪ 12.05 ਲੱਖ ਕਰੋੜ ਘਟਿਆ
ਨਵੀਂ ਦਿੱਲੀ, 26 ਫਰਵਰੀ (ਪੰਜਾਬ ਮੇਲ)- ਅਡਾਨੀ ਗਰੁੱਪ ਦੀਆਂ ਕੰਪਨੀਆਂ ਨੂੰ ਲੈ ਕੇ ਅਮਰੀਕੀ ਸ਼ਾਰਟ ਸੇਲਰ ਹਿੰਡਨਬਰਗ ਦੀ ਰਿਪੋਰਟ ਆਏ ਇਕ ਮਹੀਨਾ ਪਹਿਲਾਂ ਪੂਰੀ ਹੋ ਗਈ ਹੈ। 24 ਜਨਵਰੀ ਨੂੰ ਹਿੰਡਨਬਰਗ ਨੇ ਗੌਤਮ ਅਡਾਨੀ ਦੀਆਂ ਕੰਪਨੀਆਂ ’ਚ ਹੇਰਾਫੇਰੀ ਦਾ ਦੋਸ਼ ਲਾਇਆ ਸੀ। ਤੁਹਾਨੂੰ ਦੱਸ ਦਈਏ ਕਿ ਉਦੋਂ ਤੋਂ ਕੰਪਨੀਆਂ ਦੇ ਸ਼ੇਅਰਾਂ ’ਚ ਵਿਕਰੀ ਨਾਲ ਗਰੁੱਪ ਕੰਪਨੀਆਂ ਦਾ ਮਾਰਕੀਟ ਕੈਪ 12.05 ਲੱਖ ਕਰੋੜ ਰੁਪਏ ਡਿਗ ਚੁੱਕਾ ਹੈ। ਇਸ ਦਾ ਅਸਰ ਗੌਤਮ ਅਡਾਨੀ ਦੀ ਜਾਇਦਾਦ ’ਤੇ ਵੀ ਹੋਇਆ ਹੈ। ਬਲੂਮਬਰਗ ਅਰਬਪਤੀ ਸੂਚਕ ਅੰਕ ਮੁਤਾਬਕ ਅਮੀਰਾਂ ਦੀ ਸੂਚੀ ’ਚ ਗੌਤਮ ਅਡਾਨੀ 2 ਨੰਬਰ ਤੋਂ ਡਿਗ ਕੇ 30ਵੇਂ ਨੰਬਰ ’ਤੇ ਪੁੱਜ ਗਏ ਹਨ। ਇਹ ਗਿਰਾਵਟ ਗਰੁੱਪ ਕੰਪਨੀਆਂ ਦੇ ਸ਼ੇਅਰਾਂ ’ਚ ਲਗਾਤਾਰ ਵਿਕਰੀ ਆਉਣ ਨਾਲ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਅਡਾਨੀ ਸਮੂਹ ਦਾ ਬਾਜ਼ਾਰ ਪੂੰਜੀਕਰਣ 24 ਜਨਵਰੀ ਤੋਂ ਪਹਿਲਾਂ ਲਗਭਗ 19 ਲੱਖ ਕਰੋੜ ਰੁਪਏ ਤੋਂ ਵੱਧ ਸੀ ਪਰ ਰਿਪੋਰਟ ਆਉਣ ਤੋਂ ਇਕ ਮਹੀਨੇ ਬਾਅਦ ਘਟ ਕੇ ਲਗਭਗ 7.2 ਲੱਖ ਕਰੋੜ ਰੁਪਏ ਰਹਿ ਗਿਆ ਹੈ। ਕਈ ਕੰਪਨੀਆਂਦੇ ਸਟਾਕ ਆਪਣੇ 52 ਹਫਤਿਆਂ ਦੀ ਉਚਾਈ ਦੀ ਤੁਲਣਾ ’ਚ 82 ਫੀਸਦੀ ਤੱਕ ਟੁੱਟ ਗਏਹਨ।