ਫਰਿਜ਼ਨੋ, 19 ਜੂਨ (ਪੰਜਾਬ ਮੇਲ)- ਕੁਲਦੀਪ ਤੇ ਗੈਰੀ ਜੋੜੀ ਨੇ ਫਰਿਜ਼ਨੋ ਵਿਖੇ ਗੋਲਡਨ ਪੈਲੇਸ ਬਣਾਇਆ ਹੋਇਆ ਹੈ। ਇਸ ਹਾਲ ਵਿਚ ਤੀਆਂ ਅਤੇ ਬਰਾਈਡਲ ਐਕਸਪੋ 2024 ਪ੍ਰੋਗਰਾਮ ਪੂਰੀ ਸ਼ਾਨੋ-ਸ਼ੌਕਤ ਨਾਲ ਨੇਪਰੇ ਚੜ੍ਹਿਆ। ਇਹ ਪ੍ਰੋਗਰਾਮ ਸਿਰਫ਼ ਤੇ ਸਿਰਫ਼ ਬੱਚੀਆਂ ਤੇ ਬੀਬੀਆਂ ਭੈਣਾਂ ਲਈ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਨਵਕੀਰਤ ਕੌਰ ਚੀਮਾ ਅਤੇ ਪੁਸ਼ਪਿੰਦਰ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ।
ਜਿਊਲਰੀ ਤੇ ਕੱਪੜਿਆਂ ਦੀਆਂ ਸਟਾਲਾਂ, ਡੈਕੋਰੇਸ਼ਨ ਸਟਾਲਾਂ ਤੇ ਖਾਣੇ ਦੀਆਂ ਸਟਾਲਾਂ ਬਿਲਕੁਲ ਸੈੱਟ ਸਨ।
ਕੁਲਦੀਪ ਕੌਰ ਨੇ ਸਟੇਜਾਂ ਦੀ ਮਲਿਕਾ ਆਸ਼ਾ ਸ਼ਰਮਾ ਨੂੰ ਸਟੇਜ ਸੰਭਾਲਣ ਦਾ ਸੱਦਾ ਦਿੱਤਾ। ਸਟੇਜ ‘ਤੇ ਆਉਂਦਿਆਂ ਹੀ ਉਨ੍ਹਾਂ ਆਪਣੇ ਵੱਖਰੇ ਅੰਦਾਜ਼ ਵਿਚ ਸਭ ਨੂੰ ਜੀ ਆਇਆਂ ਕਿਹਾ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਪ੍ਰੋਗਰਾਮ ਦੇ ਮੁਕਾਬਲਿਆਂ ਦੇ ਜੱਜਾਂ ਨੂੰ ਸਟੇਜ ‘ਤੇ ਚੋਣਵੇਂ ਸ਼ਬਦਾਂ ਦੇ ਸੰਬੋਧਨ ਨਾਲ ਆਸ਼ਾ ਸ਼ਰਮਾ ਨੇ ਬੁਲਾਇਆ। ਡਾਕਟਰ ਮੋਨਿਕਾ ਚਾਹਲ ਵਾਇਸ ਪ੍ਰੈਜੀਡੈਂਟ ਕਲੋਵਿਸ ਕਮਿਊਨਿਟੀ ਕਾਲਜ, ਸ਼੍ਰੀਮਤੀ ਮਨਜੀਤ ਕੌਰ ਸੇਖੋ ਪ੍ਰਸਿੱਧ ਪੰਜਾਬੀ ਲੇਖਿਕਾ। ਜੋਤਨ ਗਿੱਲ ਪ੍ਰਸਿੱਧ ਬਿਜ਼ਨੈੱਸ ਵੋਮੇਨ, ਸ਼ਗਨ ਵੜੈਚ ਪ੍ਰਸਿੱਧ ਗਿੱਧਾ ਕੋਚ, ਜੋਤ ਰਣਜੀਤ ਸਿੰਗਰ ਤੇ ਮੀਡੀਆ ਵੋਮੇਨ ਨਵਪ੍ਰੀਤ ਗਿੱਲ, ਮਿਸ ਪੰਜਾਬਣ ਬੇਸਟ ਡਾਂਸਰ ਰਾਜ ਮਾਨ ਮਿਸਿਜ਼ ਪੰਜਾਬਣ 2019 ਜੱਜਾਂ ਵਜੋਂ ਸ਼ੁਸ਼ੋਭਿਤ ਹੋਏ।
ਮੁਟਿਆਰਾਂ ਨੇ ਗਿੱਧੇ ਦਾ ਪਿੜ ਬੰਨ੍ਹਿਆ। ਓਲਡ ਸਕੂਲ ਭੰਗੜਾਂ ਦੀ ਪੇਸ਼ਕਾਰੀ ਕਮਾਲ ਸੀ ਤੇ ਸੈਂਟਰਲ ਵਿਲੇ ਭੰਗੜਾ ਵਾਲਿਆਂ ਨੇ ਖੂਬ ਵਾਹ-ਵਾਹ ਖੱਟੀ। ਮਾਣਮੱਤੀਆਂ ਮਜਾਜਣਾਂ ਨੇ ਜਿਵੇਂ ਸਭ ਦਾ ਮਨ ਹੀ ਮੋਹ ਲਿਆ।
ਸੰਗੀਤ ਮੁਕਾਬਲੇ ਵਿਚ ਰੂਬੀ ਰੈਡ ਤੇ ਰਮਨਦੀਪ ਗਿੱਲ ਨੇ ਕਮਾਲ ਦਾ ਰੰਗ ਬੰਨ੍ਹਿਆ। ਡੁਏਟ ਡਾਂਸ ਵਿਚ ਅੰਮ੍ਰਿਤ ਕੈਂਥ ਤੇ ਸਿਮਰਨ ਕੈਂਥ ਦੀ ਜੋੜੀ ਤੇ ਅਰੀਤ ਧਾਲੀਵਾਲ ਤੇ ਰੁਹਾਨੀ ਬਰਾੜ ਦੀ ਜੋੜੀ ਨੇ ਵਾਹ-ਵਾਹ ਖੱਟੀ। ਸੋਲੋ ਡਾਂਸ ਵਿਚ ਪ੍ਰੀਤ ਚੱਗਰ, ਸਰੀਨ ਸਿੱਧੂ, ਭਵਲੀਨ ਗਿੱਲ, ਐਸਲੀਨ ਜੌਹਲ, ਰਮਨੀਤ ਸੈਣੀ, ਨਮਰ ਚੀਮਾ ਤੇ ਕੋਮਲ ਢਿੱਲੋਂ ਨੇ ਕਮਾਲਾਂ ਕੀਤੀਆਂ। ਮਹਿੰਦੀ ਲਈ ‘ਕਰਮਜੀਤ ਕੌਰ’ ਨੇ ਤਾਂ ਸਭ ਦਾ ਮਨ ਹੀ ਮੋਹ ਲਿਆ। ਸਭ ਤੋਂ ਦਿਲਕਸ਼ ਮੁਕਾਬਲੇ ਸਨ ਆਟੇ ਦੇ ਪੇੜੇ ਬਣਾਉਣ ਦੇ, ਲਸਣ ਛਿੱਲਣ ਦੇ, ਬਟਨ ਲਗਾਉਣ ਦੇ।
ਇਸ ਮੌਕੇ ਮਨਜੀਤ ਕੌਰ ਸੇਖੋਂ ਦੀ ਪੁਸਤਕ ”ਵਿਆਹ ਰੀਤਾਂ ਦੀ ਅਮਰਵੇਲ ਬਦਲਦੇ ਰੂਪ” ਵੀ ਲੋਕ ਅਰਪਨ ਕੀਤੀ ਗਈ। ਕੁੱਲ ਮਿਲਾ ਕੇ ਇਹ ਪ੍ਰੋਗਰਾਮ ਆਪਣੀ ਹੀ ਕਿਸਮ ਦਾ ਬਹੁਤ ਹੀ ਮਿਆਰੀ ਪ੍ਰੋਗਰਾਮ ਸੀ।