#AMERICA

ਅਮਰੀਕੀ ਹਵਾਈ ਅੱਡਿਆਂ ‘ਤੇ ਪਿਛਲੇ ਸਾਲ ਰਿਕਾਰਡ 6,542 ਹਥਿਆਰ ਕੀਤੇ ਗਏ ਜ਼ਬਤ

-ਅਮਰੀਕੀ ਲੋਕਾਂ ‘ਚ ਹਥਿਆਰਾਂ ਦੀ ਦੌੜ ਚਿੰਤਾਜਨਕ ਤੌਰ ‘ਤੇ ਵਧੀ
ਅਟਲਾਂਟਾ, 21 ਫਰਵਰੀ (ਪੰਜਾਬ ਮੇਲ)- ਅਮਰੀਕਾ ਵਿਚ ਆਵਾਜਾਈ ਸੁਰੱਖਿਆ ਪ੍ਰਸ਼ਾਸਨ (ਟੀ.ਐੱਸ.ਏ.) ਨੇ ਪਿਛਲੇ ਸਾਲ ਹਵਾਈ ਅੱਡਿਆਂ ‘ਤੇ 6,542 ਬੰਦੂਕਾਂ ਜ਼ਬਤ ਕੀਤੀਆਂ ਮਤਲਬ ਹਵਾਈ ਅੱਡੇ ‘ਤੇ ਪ੍ਰਤੀ ਦਿਨ ਜਾਂਚ ਦੌਰਾਨ ਲਗਭਗ 18 ਬੰਦੂਕਾਂ ਫੜੀਆਂ। ਪਿਛਲੇ ਸਾਲ ਅਮਰੀਕਾ ਦੇ ਹਵਾਈ ਅੱਡਿਆਂ ‘ਤੇ ਜ਼ਬਤ ਕੀਤੇ ਗਏ ਹਥਿਆਰਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ ਅਤੇ ਇਹ ਇਸ ਗੱਲ ਦਾ ਵੀ ਸੰਕੇਤ ਹੈ ਕਿ ਅਮਰੀਕੀ ਲੋਕਾਂ ‘ਚ ਹਥਿਆਰਾਂ ਦੀ ਦੌੜ ਚਿੰਤਾਜਨਕ ਤੌਰ ‘ਤੇ ਵਧੀ ਹੈ।
ਟੀ.ਐੱਸ.ਏ. ਪ੍ਰਸ਼ਾਸਕ ਡੇਵਿਡ ਪੇਕੋਸਕੇ ਨੇ ਕਿਹਾ ਕਿ ”ਅਸੀਂ ਆਪਣੀਆਂ ਚੈਕਪੁਆਇੰਟਾਂ ‘ਤੇ ਜੋ ਦੇਖ ਰਹੇ ਹਾਂ, ਉਹ ਅੱਜ ਸਾਡੇ ਸਮਾਜ ਦੀ ਅਸਲੀਅਤ ਨੂੰ ਦਰਸਾਉਂਦਾ ਹੈ ਕਿ ਵੱਧ ਤੋਂ ਵੱਧ ਲੋਕ ਹਥਿਆਰ ਲੈ ਕੇ ਜਾ ਰਹੇ ਹਨ।” ਮਹਾਮਾਰੀ ਦੌਰਾਨ 2020 ਦੇ ਸਮੇਂ ਨੂੰ ਛੱਡ ਕੇ 2010 ਦੇ ਬਾਅਦ ਤੋਂ ਹਵਾਈ ਅੱਡੇ ਦੀ ਜਾਂਚ ਦੌਰਾਨ ਮਿਲੇ ਹਥਿਆਰਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋਇਆ ਹੈ। ਇਨ੍ਹਾਂ ਵਿਚੋਂ ਬਹੁਤਿਆਂ ਨੇ ਦਾਅਵਾ ਕੀਤਾ ਕਿ ਉਹ ਭੁੱਲ ਗਏ ਸਨ ਕਿ ਉਨ੍ਹਾਂ ਕੋਲ ਇੱਕ ਹਥਿਆਰ ਸੀ, ਹਾਲਾਂਕਿ ਉਨ੍ਹਾਂ ਨੇ ਮੰਨਿਆ ਕਿ ਇੱਕ ਹਥਿਆਰ ਦਾ ਹਵਾਈ ਜਹਾਜ਼ ਵਿਚ ਗਲਤ ਹੱਥਾਂ ਵਿਚ ਜਾਣਾ ਖਤਰਨਾਕ ਹੋ ਸਕਦਾ ਹੈ। ਪੇਕੋਸਕੇ ਨੇ ਕਿਹਾ ਕਿ ਬਰਬੈਂਕ, ਕੈਲੀਫੋਰਨੀਆ ਤੋਂ ਲੈ ਕੇ ਬੈਂਗੋਰ, ਮੇਨ ਤੱਕ ਹਵਾਈ ਅੱਡਿਆਂ ‘ਤੇ ਹਥਿਆਰ ਜ਼ਬਤ ਕੀਤੇ ਗਏ ਹਨ। ਪਰ ਇਹ ਉਨ੍ਹਾਂ ਖੇਤਰਾਂ ਵਿਚ ਵੱਡੇ ਹਵਾਈ ਅੱਡਿਆਂ ‘ਤੇ ਵਧੇਰੇ ਹੁੰਦਾ ਹੈ, ਜਿੱਥੇ ਕਾਨੂੰਨ ਬੰਦੂਕ ਰੱਖਣ ਲਈ ਵਧੇਰੇ ਅਨੁਕੂਲ ਹੁੰਦੇ ਹਨ। 2022 ਵਿਚ ਹਥਿਆਰਾਂ ਦੀ ਪ੍ਰਾਪਤੀ ਲਈ ਚੋਟੀ ਦੀ 10 ਸੂਚੀ ਵਿਚ ਟੈਕਸਾਸ ਵਿਚ ਡੈਲਸ, ਆਸਟਿਨ ਅਤੇ ਹਿਊਸਟਨ, ਫਲੋਰੀਡਾ ਵਿਚ ਤਿੰਨ ਹਵਾਈ ਅੱਡੇ ਅਤੇ ਟੈਨੇਸੀ ਵਿਚ ਨੈਸ਼ਵਿਲ, ਅਟਲਾਂਟਾ, ਫੀਨਿਕਸ ਅਤੇ ਡੇਨਵਰ ਸ਼ਾਮਲ ਹਨ।

Leave a comment