#AMERICA

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਗੂਗਲ ਤੇ ਐਪਲ ਨੂੰ ਐਪ ਸਟੋਰ ਤੋਂ ‘ਟਿਕਟਾਕ’ ਨੂੰ ਹਟਾਉਣ ਲਈ ਲਿਖੀ ਚਿੱਠੀ

ਵਾਸ਼ਿੰਗਟਨ, 14 ਦਸੰਬਰ (ਪੰਜਾਬ ਮੇਲ)- ਭਾਰਤੀ-ਅਮਰੀਕੀ ਰਾਜਾ ਕ੍ਰਿਸ਼ਨਾਮੂਰਤੀ ਸਮੇਤ 2 ਪ੍ਰਭਾਵਸ਼ਾਲੀ ਅਮਰੀਕੀ ਸੰਸਦ ਮੈਂਬਰਾਂ ਨੇ ‘ਗੂਗਲ’ ਅਤੇ ‘ਐਪਲ’ ਨੂੰ ਪੱਤਰ ਲਿਖ ਕੇ ਆਪਣੇ ਐਪ ਸਟੋਰਾਂ ਤੋਂ ‘ਟਿਕਟਾਕ’ ਨੂੰ ਹਟਾਉਣ ਲਈ ਕਿਹਾ ਹੈ। ਅਪ੍ਰੈਲ ਵਿਚ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਹਸਤਾਖਰ ਕੀਤੇ ਗਏ ਇੱਕ ਬਿੱਲ ਦੇ ਅਨੁਸਾਰ, ‘ਟਿਕਟਾਕ’ ਦੀ ਮਾਲਕ ਚੀਨ ਦੀ ਬਾਈਟਡਾਂਸ ਕੰਪਨੀ ਨੂੰ 19 ਜਨਵਰੀ ਤੱਕ ਟਿਕਟਾਕ ਤੋਂ ਵੱਖ ਹੋਣਾ ਪਵੇਗਾ, ਨਹੀਂ ਤਾਂ ਉਸਨੂੰ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ। ਚੀਨ ਮਾਮਲਿਆਂ ‘ਤੇ ਪ੍ਰਤੀਨਿਧੀ ਸਭਾ ਦੀ ਸਥਾਈ ਕਮੇਟੀ (ਸੀ.ਸੀ.ਪੀ.) ਦੇ ਚੇਅਰਮੈਨ ਜੌਨ ਮੂਲਨਾਰ ਅਤੇ ਸੀਨੀਅਰ ਮੈਂਬਰ ਕ੍ਰਿਸ਼ਨਾਮੂਰਤੀ ਨੇ ਸ਼ੁੱਕਰਵਾਰ ਨੂੰ ਐਪਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਟਿਮ ਕੁੱਕ, ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਅਤੇ ਟਿਕਟਾਕ ਦੇ ਸੀ.ਈ.ਓ. ਸ਼ੋ ਜੀ ਚਿਊ ਨੂੰ ਇੱਕ ਪੱਤਰ ਲਿਖਿਆ। ਸੰਸਦ ਮੈਂਬਰਾਂ ਨੇ ਕੁੱਕ ਅਤੇ ਪਿਚਾਈ ਨੂੰ 19 ਜਨਵਰੀ ਤੱਕ ਆਪਣੇ ਪਲੇ ਸਟੋਰ ਤੋਂ ਟਿਕਟਾਕ ਨੂੰ ਹਟਾਉਣ ਲਈ ਤਿਆਰ ਰਹਿਣ ਲਈ ਕਿਹਾ। ਟਿਕਟਾਕ ਦੇ ਸੀ.ਈ.ਓ. ਨੂੰ ਲਿਖੇ ਆਪਣੇ ਪੱਤਰ ਵਿਚ ਉਨ੍ਹਾਂ ਨੇ ਚਿਊ ਨੂੰ ਤੁਰੰਤ ਇੱਕ ਵਿਨਿਵੇਸ਼ ਪ੍ਰਸਤਾਵ ਪੇਸ਼ ਕਰਨ ਲਈ ਕਿਹਾ, ਜਿਸਨੂੰ ਉਹ ਸਵੀਕਾਰ ਕਰ ਸਕਣ।
ਅਮਰੀਕੀ ਸੰਸਦ ਮੈਂਬਰਾਂ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ, ਜਦੋਂ ਇਕ ਸੰਘੀ ਅਪੀਲ ਅਦਾਲਤ ਨੇ ਕਾਂਗਰਸ ਵੱਲੋਂ ਪਾਸ ਕੀਤੇ ਗਏ ਉਸ ਕਾਨੂੰਨ ‘ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਟਿਕਟਾਕ ਨੂੰ ਜਨਵਰੀ ਦੇ ਅੱਧ ਤੱਕ ਅਮਰੀਕਾ ‘ਚ ਮੌਜੂਦ ਆਪਣਾ ਸਾਰਾ ਕਾਰੋਬਾਰ ਕਿਸੇ ਸਥਾਨਕ ਕੰਪਨੀ ਨੂੰ ਵੇਚਣਾ ਪਵੇਗਾ ਜਾਂ ਉਸ ਨੂੰ ਪਾਬੰਦੀ ਦਾ ਸਾਹਮਣਾ ਕਰਨਾ ਪਵੇਗਾ। ਕੰਪਨੀ ਨੇ ਅਮਰੀਕੀ ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਅਤੇ ਫੈਸਲੇ ਦੇ ਅਮਲ ‘ਤੇ ਸੁਪਰੀਮ ਕੋਰਟ ਦਾ ਅੰਤਿਮ ਫੈਸਲਾ ਆਉਣ ਤੱਕ ਰੋਕਣ ਦੀ ਬੇਨਤੀ ਕੀਤੀ ਸੀ, ਜਿਸ ਨੂੰ ਸੰਘੀ ਅਪੀਲ ਅਦਾਲਤ ਨੇ ਰੱਦ ਕਰ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਟਿਕਟਾਕ ਅਤੇ ਇਸਦੀ ਮੂਲ ਕੰਪਨੀ ਬਾਈਟਡਾਂਸ ਅਪੀਲ ਅਦਾਲਤ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇ ਸਕਦੀ ਹੈ।