ਸੈਕਰਾਮੈਂਟੋ, 18 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਸੈਨੇਟ ਨੇ ਇਕ ਮਤਾ ਪਾਸ ਕੀਤਾ ਹੈ, ਜਿਸ ਵਿਚ ਇਕ ਵਾਰ ਫਿਰ ਪੁਸ਼ਟੀ ਕੀਤੀ ਗਈ ਹੈ ਕਿ ਅਰੁਣਾਚਲ ਪ੍ਰਦੇਸ਼ ਰਾਜ ਭਾਰਤ ਦਾ ਅਟੁੱਟ ਹਿੱਸਾ ਹੈ। ਇਹ ਮਤਾ ਸੈਨੇਟਰ ਬਿਲ ਹੇਗਰਟੀ ਤੇ ਜੈਫ ਮਰਕਲੇ ਵੱਲੋਂ ਪੇਸ਼ ਕੀਤਾ ਗਿਆ ਸੀ। ਪਿਛਲੇ 6 ਸਾਲਾਂ ਦੌਰਾਨ ਅਸਲ ਨਿਯੰਤਰਣ ਰੇਖਾ ਨੇੜੇ ਪੂਰਬੀ ਸੈਕਟਰ ‘ਚ ਭਾਰਤ ਤੇ ਚੀਨ ਵਿਚਾਲੇ ਵੱਡੀਆਂ ਝੜਪਾਂ ਹੋ ਚੁੱਕੀਆਂ ਹਨ। ਚੀਨ ਉਪਰ ਇਹ ਵੀ ਦੋਸ਼ ਲਾਇਆ ਜਾਂਦਾ ਹੈ ਕਿ ਉਸ ਨੇ ਹੌਲੀ-ਹੌਲੀ ਅਰੁਣਾਚਲ ਪ੍ਰਦੇਸ਼ ਦੇ ਕਾਫੀ ਖੇਤਰ ਉਪਰ ਨਾਜਾਇਜ਼ ਕਬਜ਼ਾ ਕਰ ਲਿਆ ਹੈ। ਮਤਾ ਪਾਸ ਹੋਣ ‘ਤੇ ਸੈਨੇਟਰ ਹੇਗਰਟੀ ਨੇ ਕਿਹਾ ਹੈ ਕਿ ਇਸ ਸਮੇਂ ਜਦੋਂ ਚੀਨ ਭਾਰਤੀ ਪ੍ਰਸ਼ਾਂਤ ਮਹਾਸਾਗਰ ਖਿੱਤੇ ਦੀ ਆਜ਼ਾਦ ਹੋਂਦ ਲਈ ਖਤਰਾ ਬਣਿਆ ਹੋਇਆ ਹੈ, ਤਾਂ ਇਹ ਅਹਿਮ ਹੋ ਜਾਂਦਾ ਹੈ ਕਿ ਖਿੱਤੇ ਵਿਚ ਅਮਰੀਕਾ ਆਪਣੇ ਰਣਨੀਤਿਕ ਭਾਈਵਾਲਾਂ ਖਾਸ ਕਰਕੇ ਭਾਰਤ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੋਵੇ। ਮਤੇ ਵਿਚ ਸਪੱਸ਼ਟ ਤੌਰ ‘ਤੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਅਟੁੱਟ ਹਿੱਸਾ ਮੰਨਿਆ ਗਿਆ ਹੈ ਤੇ ਅਸਲ ਨਿਯੰਤਰਣ ਰੇਖਾ ਦੇ ਨਾਲ ਮੌਜੂਦਾ ਸਥਿਤੀ ਬਦਲਣ ਦੇ ਮਕਸਦ ਨਾਲ ਚੀਨ ਵੱਲੋਂ ਕੀਤੀਆਂ ਜਾਂਦੀਆਂ ਫੌਜੀ ਕਾਰਵਾਈਆਂ ਦੀ ਨਿੰਦਾ ਕੀਤੀ ਗਈ ਹੈ। ਮਤੇ ਵਿਚ ਭਾਰਤ ਨਾਲ ਰਣਨੀਤਿਕ ਭਾਈਵਾਲੀ ਹੋਰ ਮਜਬੂਤ ਬਣਾਉਣ ਉਪਰ ਵੀ ਜ਼ੋਰ ਦਿੱਤਾ ਗਿਆ ਹੈ।