#AMERICA

ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਦਿੱਤੀ ਪ੍ਰਾਇਮਰੀ ਚੋਣ ਲੜਨ ਦੀ ਇਜਾਜ਼ਤ

-ਟਰੰਪ ‘ਤੇ ਲਗਾਈ ਗਈ ਪਾਬੰਦੀ ਨੂੰ ਕੀਤਾ ਰੱਦ
-ਸੁਪਰੀਮ ਕੋਰਟ ਦੇ ਇਸ ਫੈਸਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਟਰੰਪ ਨੇ ਇਸ ਨੂੰ ਦੱਸਿਆ ਇਕ ਵੱਡੀ ਜਿੱਤ
ਵਾਸ਼ਿੰਗਟਨ, 5 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਮਰੀਕੀ ਸੁਪਰੀਮ ਕੋਰਟ ਨੇ ਡੋਨਾਲਡ ਟਰੰਪ ‘ਤੇ ਲਗਾਈ ਗਈ ਪਾਬੰਦੀ ਨੂੰ ਰੱਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਕੋਲੋਰਾਡੋ ਸੂਬੇ ਦੀ ਸੁਪਰੀਮ ਕੋਰਟ ਨੇ ਪਿਛਲੇ ਸਾਲ ਦਸੰਬਰ ‘ਚ ਇਕ ਵੱਡੇ ਫੈਸਲੇ ‘ਚ ਸਾਬਕਾ ਰਾਸ਼ਟਰਪਤੀ ਟਰੰਪ ਦੇ ਚੋਣ ਲੜਨ ‘ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਹੁਣ ਅਮਰੀਕੀ ਸੁਪਰੀਮ ਕੋਰਟ ਨੇ ਇਸ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਸੁਪਰੀਮ ਕੋਰਟ ਦੇ ਇਸ ਫੈਸਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਟਰੰਪ ਨੇ ਇਸ ਨੂੰ ਇਕ ਵੱਡੀ ਜਿੱਤ ਦੱਸਿਆ ਹੈ। ਦੱਸਣਯੋਗ ਹੈ ਕਿ ਅਮਰੀਕੀ ਸੁਪਰੀਮ ਕੋਰਟ ਨੇ ਕੈਪੀਟਲ ਦੰਗਿਆਂ ਲਈ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜ਼ਿੰਮੇਵਾਰ ਠਹਿਰਾਉਣ ਦੀਆਂ ਕੋਸ਼ਿਸ਼ਾਂ ਨੂੰ ਰੱਦ ਕਰ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਹੁਣ ਟਰੰਪ ਦਾ ਨਾਂ ਪ੍ਰਾਇਮਰੀ ਬੈਲਟ ‘ਤੇ ਨਜ਼ਰ ਆਵੇਗਾ। ਇਸ ਤੋਂ ਪਹਿਲਾਂ ਇੱਕ ਅਦਾਲਤ ਨੇ ਟਰੰਪ ਨੂੰ ਕੋਲੋਰਾਡੋ ਰਾਜ ਦੇ ਰਿਪਬਲਿਕਨ ਪ੍ਰਾਇਮਰੀ ਵਿਚ ਵੋਟਿੰਗ ਤੋਂ ਅਯੋਗ ਕਰਾਰ ਦਿੱਤਾ ਸੀ। ਸੁਪਰੀਮ ਕੋਰਟ ਦੇ ਜੱਜਾਂ ਨੇ ਸਰਬਸੰਮਤੀ ਨਾਲ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟ ਦਿੱਤਾ ਹੈ ਅਤੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਇਸ ਹਫਤੇ ਵੱਡੀ ਗਿਣਤੀ ‘ਚ ਡੈਲੀਗੇਟ ਮਿਲਣ ਦੀ ਸੰਭਾਵਨਾ ਹੈ। ਜਦੋਂ ਜ਼ਿਆਦਾਤਰ ਰਾਜਾਂ ਵਿਚ ਪ੍ਰਾਇਮਰੀ ਅਤੇ ਕਾਕਸ ਚੋਣਾਂ ਹੁੰਦੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਟਰੰਪ ਅਧਿਕਾਰਤ ਤੌਰ ‘ਤੇ ਰਿਪਬਲਿਕਨ ਪਾਰਟੀ ਦੀ ਨਾਮਜ਼ਦਗੀ ਸੁਰੱਖਿਅਤ ਕਰ ਸਕਦੇ ਹਨ।