ਵਾਸ਼ਿੰਗਟਨ, 4 ਜਨਵਰੀ (ਪੰਜਾਬ ਮੇਲ)- ਅਮਰੀਕੀ ਸਰਜਨ ਜਨਰਲ ਨੇ ਸ਼ਰਾਬ ਦੇ ਸੇਵਨ ਨਾਲ ਹੋਣ ਵਾਲੇ ਕੈਂਸਰ ਦੇ ਖਤਰੇ ਸਬੰਧੀ ਬੋਤਲਾਂ ‘ਤੇ ਚੇਤਾਵਨੀ ਲਿਖਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਕੈਂਸਰ ਦਾ ਮੁੱਖ ਕਾਰਨ ਹੈ, ਇਹ ਇਕ ਅਜਿਹਾ ਖਤਰਾ ਹੈ, ਜਿਸ ਨੂੰ ਅਮਰੀਕੀਆਂ ਵੱਲੋਂ ਸੇਵਨ ਕੀਤੀਆਂ ਜਾਣ ਵਾਲੀਆਂ ਸ਼ਰਾਬ ਦੀਆਂ ਬੋਤਲਾਂ ‘ਤੇ ਸਪੱਸ਼ਟ ਤੌਰ ਲਿਖਿਆ ਜਾਣਾ ਚਾਹੀਦਾ ਹੈ। ਅਮਰੀਕੀ ਸਰਜਨ ਜਨਰਲ ਵਿਵੇਕ ਮੂਰਤੀ ਨੇ ਸ਼ੁੱਕਰਵਾਰ ਨੂੰ ਇਹ ਪ੍ਰਸਤਾਵ ਰੱਖਿਆ। ਮੂਰਤੀ ਦੀ ਇਹ ਸਲਾਹ ਅਜਿਹੇ ਸਮੇਂ ਵਿਚ ਆਈ ਹੈ, ਜਦੋਂ ਸ਼ਰਾਬ ਦੇ ਮਨੁੱਖੀ ਸਿਹਤ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦੇ ਬਾਰੇ ਵਿਚ ਸੋਧ ਅਤੇ ਸਬੂਤ ਵੱਧ ਰਹੇ ਹਨ।
ਮੂਰਤੀ ਨੇ ਆਪਣੀ ਸਲਾਹ ਵਿਚ ਦਲੀਲ ਦਿੱਤੀ ਹੈ ਕਿ ਅਮਰੀਕੀਆਂ ਨੂੰ ਖਾਸ ਤੌਰ ‘ਤੇ ਸ਼ਰਾਬ ਅਤੇ ਕੈਂਸਰ ਦੇ ਵਿਚਕਾਰ ਸਬੰਧ ਬਾਰੇ ਬਿਹਤਰ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਅਮਰੀਕਾ ਵਿਚ ਲਗਭਗ 10 ਲੱਖ ਰੋਕਥਾਮਯੋਗ ਕੈਂਸਰ ਦੇ ਮਾਮਲਿਆਂ ਲਈ ਸ਼ਰਾਬ ਦਾ ਸੇਵਨ ਜ਼ਿੰਮੇਵਾਰ ਹੈ। ਉਨ੍ਹਾਂ ਦੀ ਸਲਾਹ ਅਨੁਸਾਰ, ਸ਼ਰਾਬ ਨਾਲ ਸਬੰਧਤ ਕੈਂਸਰ ਕਾਰਨ ਹਰ ਸਾਲ ਲਗਭਗ 20,000 ਲੋਕ ਮਰਦੇ ਹਨ। ਬੀਅਰ, ਵਾਈਨ ਅਤੇ ਸ਼ਰਾਬ ਦੀਆਂ ਬੋਤਲਾਂ ‘ਤੇ ਪਹਿਲਾਂ ਹੀ ਚੇਤਾਵਨੀ ਲਿਖੀ ਹੁੰਦੀ ਹੈ ਕਿ ਗਰਭਵਤੀ ਔਰਤ ਵੱਲੋਂ ਸ਼ਰਾਬ ਪੀਣ ਨਾਲ ਜਨਮ ਨੁਕਸ ਦਾ ਖ਼ਤਰਾ ਹੋ ਸਕਦਾ ਹੈ ਪਰ ਮੂਰਤੀ ਦਾ ਇਹ ਪ੍ਰਸਤਾਵ ਕੈਂਸਰ ਦੇ ਖਤਰੇ ਬਾਰੇ ਹੋਰ ਜਾਗਰੂਕਤਾ ਪੈਦਾ ਕਰੇਗਾ।
ਖੋਜ ਵਿਚ ਪਾਇਆ ਗਿਆ ਹੈ ਕਿ ਸ਼ਰਾਬ ਦਾ ਸੇਵਨ ਕਰਨ ਨਾਲ ਜਿਗਰ, ਛਾਤੀ ਅਤੇ ਗਲੇ ਦੇ ਕੈਂਸਰ ਸਮੇਤ ਘੱਟੋ-ਘੱਟ 7 ਕਿਸਮ ਦੀਆਂ ਕੈਂਸਰ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ। ਉਨ੍ਹਾਂ ਦੀ ਸਲਾਹ ਵਿਚ ਇਹ ਵੀ ਕਿਹਾ ਗਿਆ ਹੈ ਕਿ ਜਿਵੇਂ-ਜਿਵੇਂ ਵਿਅਕਤੀ ਇਸ ਦਾ ਸੇਵਨ ਵਧਾਉਂਦਾ ਹੈ, ਉਸੇ ਤਰ੍ਹਾਂ ਇਨ੍ਹਾਂ ਬਿਮਾਰੀਆਂ ਦੇ ਵਿਕਸਿਤ ਹੋਣ ਦਾ ਖਤਰਾ ਵੀ ਵਧਦਾ ਹੈ। ਮੂਰਤੀ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ ਕਿ ਲੋਕਾਂ ਨੂੰ ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਜ਼ਿਆਦਾ ਸ਼ਰਾਬ ਪੀਣ ਨਾਲ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਜਦੋਂ ਤੁਸੀਂ ਇਸ ਗੱਲ ‘ਤੇ ਵਿਚਾਰ ਕਰਦੇ ਹੋ ਕਿ ਕਿੰਨੀ ਸ਼ਰਾਬ ਪੀਣੀ ਹੈ, ਤਾਂ ਧਿਆਨ ਰੱਖੋ ਕਿ ਕੈਂਸਰ ਦੇ ਖਤਰੇ ਨੂੰ ਵੇਖਦੇ ਹੋਏ ਘੱਟ ਪੀਣੀ ਬਿਹਤਰ ਹੈ।