#AMERICA

ਅਮਰੀਕੀ ਲੋਕੋ ਹੁਣ ਸ਼ਾਂਤ ਹੋ ਜਾਓ, ਕਿਸੇ ਨੇ ਕਿਥੇ ਵੋਟ ਪਾਈ ਇਸ ਦਾ ਕੋਈ ਮਤਲਬ ਨਹੀਂ: ਬਾਇਡਨ

ਕਿਹਾ: ਕੜਵਾਹਟ ਛੱਡ ਕੇ ਰਲ-ਮਿਲ ਕੇ ਰਹਿਣ ਦਾ ਸਮਾਂ
ਸੈਕਰਾਮੈਂਟੋ, 9 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਜੋਅ ਬਾਇਡਨ ਨੇ ਅਮਰੀਕੀ ਲੋਕਾਂ ਨੂੰ ਕਿਹਾ ਹੈ ਕਿ ਚੋਣਾਂ ਖਤਮ ਹੋ ਚੁੱਕੀਆਂ ਹਨ, ਹੁਣ ਸ਼ਾਂਤ ਹੋ ਜਾਵੋ ਤੇ ਇਕ ਦੂਸਰੇ ਪ੍ਰਤੀ ਸਾਰੇ ਗੁੱਸੇ ਗਿਲੇ ਭੁੱਲ ਜਾਵੋ। ਉਨ੍ਹਾਂ ਕਿਹਾ ਹੈ ਕਿ ਅਮਰੀਕੀ ਲੋਕ ਸ਼ਾਂਤਮਈ ਤੇ ਨਿਯਮਾਂ ਅਨੁਸਾਰ ਸੱਤਾ ਤਬਦੀਲੀ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਕਿਸੇ ਨੇ ਕਿਹੜੀ ਪਾਰਟੀ ਜਾਂ ਉਮੀਦਵਾਰ ਨੂੰ ਵੋਟ ਪਾਈ ਇਸ ਦਾ ਕੋਈ ਮਤਲਬ ਨਹੀਂ ਹੈ, ਹੁਣ ਇਕ ਦੂਸਰੇ ਪ੍ਰਤੀ ਸਾਰੀ ਕੜਵਾਹਟ ਛੱਡ ਕੇ ਰਲ-ਮਿਲ ਕੇ ਰਹਿਣ ਦਾ ਸਮਾਂ ਹੈ। ਉਨ੍ਹਾਂ ਕਿਹਾ ”ਬਰਿੰਗ ਡਾਊਨ ਦਾ ਟੈਂਪਰੇਚਰ” ਅਰਥਾਤ ਪਾਰਾ ਹੇਠਾਂ ਲੈ ਆਓ। ਰਾਸ਼ਟਰਪਤੀ ਦਾ ਇਹ ਬਿਆਨ ਰਿਪਬਲੀਕਨ ਪਾਰਟੀ ਦੀ ਚੋਣ ਮੁਹਿੰਮ ਦੇ ਸੰਚਾਲਕਾਂ ਵੱਲੋਂ ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਤੇ ਰਾਸ਼ਟਰਪਤੀ ਬਾਇਡਨ ਵਿਚਾਲੇ ਹੋਈ ਫੋਨ ਉਪਰ ਗੱਲਬਾਤ ਤੋਂ ਬਾਅਦ ਆਇਆ ਹੈ। ਇਸ ਗੱਲਬਾਤ ਦੌਰਾਨ ਬਾਇਡਨ ਨੇ ਟਰੰਪ ਨੂੰ ਵਧਾਈ ਦਿੱਤੀ ਸੀ ਤੇ ਨਾਲ ਹੀ ਕਿਹਾ ਸੀ ਕਿ ਆਓ ਵ੍ਹਾਈਟ ਹਾਊਸ ਤੁਹਾਡੀ ਉਡੀਕ ਕਰ ਰਿਹਾ ਹੈ। ਚੋਣ ਮੁਹਿੰਮ ਦੇ ਬੁਲਾਰੇ ਸਟੀਵਨ ਚੇਉਂਗ ਨੇ ਕਿਹਾ ਹੈ ਕਿ ਬਾਇਡਨ ਨਾਲ ਅਗਲੀ ਮੀਟਿੰਗ ਬਾਰੇ ਟਰੰਪ ਤਿਆਰ ਹੈ ਤੇ ਇਹ ਮੀਟਿੰਗ ਬਹੁਤ ਛੇਤੀ ਹੋਵੇਗੀ। ਇਸ ਤੋਂ ਪਹਿਲਾਂ ਬਾਇਡਨ ਨੇ ਉਤਸ਼ਾਹਜਨਕ ਚੋਣ ਮੁਹਿੰਮ ਲਈ ਹੈਰਿਸ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਉਸ ਨੇ ਅੰਤ ਤੱਕ ਪੂਰੀ ਵਾਹ ਲਾਈ। ਬਾਇਡਨ ਨੇ ਕਿਹਾ ਹੈਰਿਸ ਤੇ ਉਸ ਦੀ ਸਮੁੱਚੀ ਟੀਮ ਨੂੰ ਆਪਣੀ ਚੋਣ ਮੁਹਿੰਮ ਉਪਰ ਮਾਣ ਹੋਣਾ ਚਾਹੀਦਾ ਹੈ।