ਪ੍ਰੋਵੋ (ਅਮਰੀਕਾ), 10 ਅਗਸਤ (ਪੰਜਾਬ ਮੇਲ)- ਅਮਰੀਕਾ ਦਾ ਸੰਘੀ ਜਾਂਚ ਏਜੰਸੀ (ਐੱਫ.ਬੀ.ਆਈ.) ਦੇ ਏਜੰਟ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਮਾਰਨ ਦੀ ਧਮਕੀ ਦੇਣ ਵਾਲੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਉਟਾਹ ਦੇ ਰਹਿਣ ਵਾਲੇ ਮਸ਼ਕੂਕ ਨੂੰ ਰਾਸ਼ਟਰਪਤੀ ਦੇ ਰਾਜ ‘ਚ ਆਉਣ ਤੋਂ ਪਹਿਲਾਂ ਗੋਲੀ ਮਾਰ ਦਿੱਤੀ ਗਈ ਸੀ। ਬਾਇਡਨ ਪੱਛਮੀ ਅਮਰੀਕਾ ਦਾ ਦੌਰਾ ਕਰ ਰਹੇ ਹਨ। ਉਹ ਨਿਊ ਮੈਕਸੀਕੋ ਗਏ ਸਨ ਤੇ ਬਾਅਦ ਵਿਚ ਉਟਾਹ ਜਾਣ ਵਾਲੇ ਸਨ। ਐੱਫ.ਬੀ.ਆਈ. ਨੇ ਬਿਆਨ ਵਿਚ ਕਿਹਾ ਕਿ ਵਿਸ਼ੇਸ਼ ਏਜੰਟ ਸਾਲਟ ਲੇਕ ਸਿਟੀ ਦੇ ਦੱਖਣ ‘ਚ ਪ੍ਰੋਵੋ ਵਿਚ ਵਾਰੰਟ ਲੈ ਕੇ ਕ੍ਰੇਗ ਡਿਲੀਯੂ ਰੌਬਰਟਸਨ ਦੇ ਘਰ ਪਹੁੰਚੇ ਸਨ ਤੇ ਉਸੇ ਸਮੇਂ ਗੋਲੀਬਾਰੀ ਹੋਈ। ਉਸ ਵੇਲੇ ਸਮਾਂ ਸਵੇਰੇ 6:15 ਵਜੇ ਦਾ ਸੀ। ਸੂਤਰਾਂ ਨੇ ਦੱਸਿਆ ਕਿ ਗੋਲੀਬਾਰੀ ਦੇ ਸਮੇਂ ਰੌਬਰਟਸਨ ਹਥਿਆਰਾਂ ਨਾਲ ਲੈਸ ਸੀ।