-ਟਰੰਪ ਪ੍ਰਸ਼ਾਸਨ ‘ਚ ਜੇ.ਡੀ. ਵੈਂਸ ਹੋਣਗੇ ਉਪ ਰਾਸ਼ਟਰਪਤੀ; ਸੂਸੀ ਵਿਲਸ ਚੀਫ ਆਫ ਸਟਾਫ ਨਿਯੁਕਤ
ਵਾਸ਼ਿੰਗਟਨ ਡੀ.ਸੀ., 13 ਨਵੰਬਰ (ਪੰਜਾਬ ਮੇਲ)-ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹਿਮ ਅਹੁਦਿਆਂ ‘ਤੇ ਨਿਯੁਕਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਟਰੰਪ ਪ੍ਰਸ਼ਾਸਨ ‘ਚ ਜੇ.ਡੀ. ਵੈਂਸ ਉਪ ਰਾਸ਼ਟਰਪਤੀ ਹੋਣਗੇ, ਜਦਕਿ ਸੂਸੀ ਵਿਲਸ ਚੀਫ ਆਫ ਸਟਾਫ ਨਿਯੁਕਤ ਕੀਤੀ ਗਈ ਹੈ, ਜੋ ਕਿ ਬਹੁਤ ਹੀ ਅਹਿਮ ਅਹੁਦਾ ਹੈ। ਸੂਸੀ ਵਿਲਜ਼ ਟਰੰਪ ਦੀ ਚੋਣ ਮੁਹਿੰਮ ਦੌਰਾਨ ਉਨ੍ਹਾਂ ਦੀ ਚੋਣ ਕੰਪੇਨ ਮੈਨੇਜਰ ਸੀ। ਇਸੇ ਤਰ੍ਹਾ ਕ੍ਰਿਸਟੀ ਨਿਓਮ ਨੂੰ ਹੋਮਲੈਂਡ ਸਕਿਓਰਿਟੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਟਰੰਪ ਨੇ ਸਟੀਫਨ ਮਿਲਰ ਨੂੰ ਆਪਣੇ ਨਵੇਂ ਪ੍ਰਸ਼ਾਸਨ ਵਿਚ ਉਪ ਮੁਖੀ ਨਿਯੁਕਤ ਕੀਤਾ ਹੈ। ਮਿਲਰ, ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਇਮੀਗ੍ਰੇਸ਼ਨ ‘ਤੇ ਸਖਤ ਰੁਖ ਲਈ ਜਾਣੇ ਜਾਂਦੇ ਹਨ।
ਨਿਊਯਾਰਕ ਦੀ ਕਾਂਗਰਸ ਮੈਂਬਰ ਐਲਸ ਸਟੈਫਨਿਕ ਨੂੰ ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੀ ਅਗਲੀ ਰਾਜਦੂਤ ਬਣਾਇਆ ਗਿਆ ਹੈ। ਸਟੈਫਨਿਕ 2014 ਵਿਚ 30 ਸਾਲ ਦੀ ਉਮਰ ਵਿਚ ਕਾਂਗਰਸ ਲਈ ਚੁਣੀ ਜਾਣ ਵਾਲੀ ਸਭ ਤੋਂ ਘੱਟ ਉਮਰ ਦੀ ਔਰਤ ਬਣ ਗਈ ਸੀ।
ਸਾਬਕਾ ਕਾਰਜਕਾਰੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਡਾਇਰੈਕਟਰ ਟੋਮ ਹੋਮਨ ਨੂੰ ਸਰਹੱਦੀ ਅਧਿਕਾਰੀ ਬਣਾਇਆ ਗਿਆ ਹੈ।
ਡੋਨਾਲਡ ਟਰੰਪ ਨੇ ਲੀ ਗੈਲਡਿਨ ਨੂੰ ਅਮਰੀਕੀ ਵਾਤਾਵਰਨ ਸੰਸਥਾ ਦਾ ਮੁਖੀ ਬਣਾਉਣ ਦਾ ਐਲਾਨ ਕੀਤਾ ਹੈ। ਗੈਲਡਿਨ ਇਕ ਸਾਬਕਾ ਕਾਂਗਰਸਮੈਨ ਹੈ ਅਤੇ ਟਰੰਪ ਦੇ ਵਫਾਦਾਰਾਂ ਵਿਚੋਂ ਇੱਕ ਹੈ।
ਟਰੰਪ ਸਰਕਾਰ ਵਿਚ ਉਨ੍ਹਾਂ ਦੇ ਬਹੁਤ ਨਜ਼ਦੀਕੀ ਐਲਨ ਮਸਕ ਅਤੇ ਸਾਬਕਾ ਰਾਸ਼ਟਰਪਤੀ ਉਮੀਦਵਾਰ ਵਿਵੇਕ ਰਾਮਾਸਵਾਮੀ ਨੂੰ ਬਹੁਤ ਹੀ ਅਹਿਮ ਵਿਭਾਗ ਸੌਂਪੇ ਗਏ ਹਨ। ਮਸਕ ਅਤੇ ਰਾਮਾਸਵਾਮੀ ਸਰਕਾਰੀ ਕੁਸ਼ਲਤਾ ਵਿਭਾਗ (ਡੀ.ਓ.ਜੀ.ਈ.) ਦੀ ਅਗਵਾਈ ਕਰਨਗੇ। ਇਹ ਇਕ ਨਵਾਂ ਵਿਭਾਗ ਹੈ, ਜੋ ਸਰਕਾਰ ਨੂੰ ਬਾਹਰੀ ਸਲਾਹ ਪ੍ਰਦਾਨ ਕਰੇਗਾ। ਟਰੰਪ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਵਿਭਾਗ ਅਮਰੀਕਾ ਵਿਚ ਹੋ ਰਹੀ ਫਜ਼ੂਲਖਰਚੀ ਨੂੰ ਨੱਥ ਪਾਏਗਾ, ਜਿਸ ਨਾਲ ਸਰਕਾਰੀ ਖਰਚਿਆਂ ਵਿਚ ਘੱਟੋ-ਘੱਟ 2 ਟ੍ਰਿਲੀਅਨ ਡਾਲਰ ਦੀ ਕਟੌਤੀ ਹੋ ਸਕੇਗੀ। ਇਹ ਅਹੁਦਾ 4 ਜੁਲਾਈ 2026 ਨੂੰ ਖਤਮ ਹੋ ਜਾਵੇਗਾ। ਚੋਣ ਪ੍ਰਚਾਰ ਦੌਰਾਨ ਟਰੰਪ ਨੇ ਪਹਿਲਾਂ ਹੀ ਕਿਹਾ ਸੀ ਕਿ ਜੇ ਉਹ ਰਾਸ਼ਟਰਪਤੀ ਬਣਦੇ ਹਨ, ਤਾਂ ਉਹ ਮਸਕ ਨੂੰ ਕੈਬਨਿਟ ਅਹੁਦਾ ਦੇਣਗੇ, ਜਿਸ ਨਾਲ ਅਮਰੀਕਾ ਵਿਚ ਫਜ਼ੂਲਖਰਚੀ ਬੰਦ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮਸਕ ਨੇ ਟਰੰਪ ਦੀ ਚੋਣਾਂ ‘ਚ ਆਪਣੇ ਪੱਲਿਓਂ ਵੱਡਾ ਖਰਚ ਕੀਤਾ ਸੀ। ਇਸੇ ਤਰ੍ਹਾਂ ਵਿਵੇਕ ਰਾਮਾਸਵਾਮੀ ਨੇ ਟਰੰਪ ਖਿਲਾਫ ਪਾਰਟੀ ਦੀਆਂ ਪ੍ਰਾਇਮਰੀ ਚੋਣਾਂ ਲੜੀਆਂ ਸਨ। ਪਰ ਬਾਅਦ ਵਿਚ ਉਨ੍ਹਾਂ ਨੇ ਟਰੰਪ ਦੇ ਹੱਕ ਵਿਚ ਚੋਣ ਮੈਦਾਨ ਛੱਡ ਦਿੱਤਾ ਸੀ।
ਟਰੰਪ ਨੇ ਫੌਕਸ ਨਿਊਜ਼ ਦੇ ਹੋਸਟ ਪੀਟ ਹੈਗਸੇਥ ਨੂੰ ਵੀ ਆਪਣੀ ਕੈਬਨਿਟ ਵਿਚ ਜਗ੍ਹਾ ਦਿੱਤੀ ਹੈ। ਉਨ੍ਹਾਂ ਨੂੰ ਰੱਖਿਆ ਮੰਤਰੀ ਬਣਾਇਆ ਗਿਆ ਹੈ। ਪੀਟ ਹੈਗਸੇਥ ਨੂੰ ਫੌਜ ਵਿਚ ਕੰਮ ਕਰਨ ਦਾ ਵੀ ਤਜ਼ਰਬਾ ਹੈ।
ਟਰੰਪ ਨੇ ਫਲੋਰਿਡਾ ਦੇ ਸੰਸਦ ਮੈਂਬਰ ਮਾਈਕ ਵਾਲਟਜ਼ ਨੂੰ ਦੇਸ਼ ਦਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਇਹ ਵੀ ਫੌਜ ਵਿਚ ਕਮਾਂਡੋਜ਼ ਰਹਿ ਚੁੱਕੇ ਹਨ।
ਟਰੰਪ ਨੇ ਫਲੋਰਿਡਾ ਤੋਂ ਸੈਨੇਟਰ ਮਾਰਕੋ ਰੂਬਿਓ ਨੂੰ ਵਿਦੇਸ਼ ਮੰਤਰੀ ਬਣਾਉਣ ਦਾ ਫੈਸਲਾ ਕੀਤਾ ਹੈ। ਪਰ ਇਸ ਦਾ ਅਧਿਕਾਰਤ ਤੌਰ ‘ਤੇ ਐਲਾਨ ਨਹੀਂ ਕੀਤਾ ਗਿਆ।
ਭਾਰਤੀ ਮੂਲ ਦੇ ਕਸ਼ੱਯਪ ਪਟੇਲ ਟਰੰਪ ਸਰਕਾਰ ਵਿਚ ਸੀ.ਆਈ.ਏ. ਚੀਫ ਬਣ ਸਕਦੇ ਹਨ। ਉਹ ਟਰੰਪ ਦੇ ਵਫਾਦਾਰਾਂ ਵਿਚੋਂ ਗਿਣੇ ਜਾਂਦੇ ਹਨ। ਇਸ ਵਾਰ ਭਾਰਤੀ ਮੂਲ ਦੀ ਨਿੱਕੀ ਹੈਲੀ ਨੂੰ ਟਰੰਪ ਨੇ ਅੱਖੋਂ-ਪਰੋਖੇ ਕੀਤਾ ਹੈ, ਕਿਉਂਕਿ ਉਸ ਨੇ ਟਰੰਪ ਦੇ ਖਿਲਾਫ ਚੋਣਾਂ ਲੜੀਆਂ ਸਨ। ਚੋਣ ਤੋਂ ਹਟਣ ਤੋਂ ਬਾਅਦ ਟਰੰਪ ਦੀ ਹਮਾਇਤ ਵੀ ਨਹੀਂ ਕੀਤੀ ਸੀ। ਇਸੇ ਤਰ੍ਹਾਂ ਮਾਈਕ ਪੋਂਪੀਓ ਨੂੰ ਵੀ ਇਸ ਵਾਰ ਕੋਈ ਅਹੁਦਾ ਨਹੀਂ ਦਿੱਤਾ ਗਿਆ।
ਡੋਨਾਲਡ ਟਰੰਪ ਦੇ ਮੁੜ ਅਮਰੀਕਾ ਦਾ ਰਾਸ਼ਟਰਪਤੀ ਬਣਨ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਉਥੇ ਦਾਖ਼ਲ ਹੋਏ ਭਾਰਤੀਆਂ ਪ੍ਰਵਾਸੀਆਂ ਦੀ ਮੁਸ਼ਕਲਾਂ ਵਧਣ ਵਾਲੀਆਂ ਹਨ। ਦਰਅਸਲ ਅਮਰੀਕਾ ਵਿਚ ਮੁੜ ਸਖ਼ਤ ਇਮੀਗ੍ਰੇਸ਼ਨ ਪਾਲਿਸੀ ਲਾਗੂ ਹੋਵੇਗੀ। ਟਰੰਪ ਵੱਲੋਂ ਦੂਜੇ ਕਾਰਜਕਾਲ ਦੀ ਤਿਆਰੀ ਵਿਚ ਹਾਲ ਹੀ ਵਿਚ ਕੀਤੀਆਂ ਗਈਆਂ ਨਿਯੁਕਤੀਆਂ ਇਮੀਗ੍ਰੇਸ਼ਨ ‘ਤੇ ਸਖ਼ਤ ਰੁਖ਼ ਵੱਲ ਇਸ਼ਾਰਾ ਕਰ ਰਹੀਆਂ ਹਨ। ਟਰੰਪ ਦੀ ਇਸ ਸਖ਼ਤੀ ਦਾ ਅਸਰ ਵਰਕ ਵੀਜ਼ਾ ‘ਤੇ ਅਮਰੀਕਾ ‘ਚ ਕਾਨੂੰਨੀ ਤੌਰ ‘ਤੇ ਰਹਿ ਰਹੇ ਭਾਰਤੀ ਪ੍ਰਵਾਸੀਆਂ ‘ਤੇ ਵੀ ਪਵੇਗਾ।