-ਹੈਰਿਸ ਨੂੰ 7 ਅਹਿਮ ਸੂਬਿਆਂ ‘ਚ ਹਰਾਇਆ
– ਟਰੰਪ ਦੇ ਇਲੈਕਟੋਰਲ ਵੋਟਾਂ ਦੀ ਗਿਣਤੀ 312 ਹੋਈ;
– ਰਿਪਬਲਿਕਨ ਪਾਰਟੀ ਪ੍ਰਤੀਨਿਧ ਸਦਨ ‘ਚ ਬਹੁਮਤ ਹਾਸਲ ਕਰਨ ਤੋਂ ਦੋ ਕਦਮ ਦੂਰ
ਵਾਸ਼ਿੰਗਟਨ, 11 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਰੀਜ਼ੋਨਾ ਦੀ ਚੋਣ ਜਿੱਤ ਲਈ ਹੈ। ਇਸ ਜਿੱਤ ਨਾਲ ਟਰੰਪ ਨੇ ਆਪਣੀ ਵਿਰੋਧੀ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਨੂੰ ਸਾਰੇ ਸੱਤ ਅਹਿਮ ਰਾਜਾਂ ਜਿਨ੍ਹਾਂ ਨੂੰ ਸਵਿੰਗ ਸਟੇਟਸ ਮੰਨਿਆ ਜਾਂਦਾ ਹੈ, ਵਿਚ ਸ਼ਿਕਸਤ ਦਿੱਤੀ ਹੈ। ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਦੀ ਜਿੱਤ ਹਾਰ ਵਿਚ ਇਨ੍ਹਾਂ ਸਵਿੰਗ ਸਟੇਟਸ ਦੀ ਹਮੇਸ਼ਾ ਫੈਸਲਾਕੁੰਨ ਭੂਮਿਕਾ ਰਹੀ ਹੈ। ਇਹ ਸੱਤ ਰਾਜ ਐਰੀਜ਼ੋਨਾ, ਵਿਸਕਾਨਸਿਨ, ਮਿਸ਼ੀਗਨ, ਪੈਨਸਿਲਵੇਨੀਆ, ਨੌਰਥ ਕੈਰੋਲੀਨਾ ਤੇ ਜੌਰਜੀਆ ਹਨ। ਐਰੀਜ਼ੋਨਾ ਵਿਚ ਜਿੱਤ ਨਾਲ ਟਰੰਪ ਦੀਆਂ ਇਲੈਕਟੋਰਲ ਕਾਲਜ ਵੋਟਾਂ ਦੀ ਗਿਣਤੀ 312 ਹੋ ਗਈ ਹੈ, ਜਦੋਂਕਿ ਉਪ ਰਾਸ਼ਟਰਪਤੀ ਹੈਰਿਸ ਨੂੰ 226 ਇਲੈਕਟੋਰਲ ਵੋਟ ਮਿਲੇ ਹਨ। ਐਰੀਜ਼ੋਨਾ ਦੇ ਕੁੱਲ 11 ਇਲੈਕਟੋਰਲ ਵੋਟ ਹਨ।
ਰਾਸ਼ਟਰਪਤੀ ਚੋਣਾਂ ਵਿਚ ਮਿਲੀ ਜਿੱਤ ਨਾਲ ਰਿਪਬਲਿਕਨ ਪਾਰਟੀ ਨੇ ਚਾਰ ਸਾਲਾਂ ਦੇ ਵਕਫ਼ੇ ਮਗਰੋਂ ਮੁੜ ਸੈਨੇਟ ਦਾ ਕੰਟਰੋਲ ਹਾਸਲ ਕਰ ਲਿਆ ਹੈ ਤੇ ਪ੍ਰਤੀਨਿਧ ਸਦਨ ‘ਚ ਬਹੁਮਤ ਹਾਸਲ ਕਰਨ ਦੀ ਤਿਆਰੀ ਖਿੱਚ ਲਈ ਹੈ। ਮੌਜੂਦਾ ਸਮੇਂ ਪਾਰਟੀ ਕੋਲ ਸੈਨੇਟ ਵਿਚ 52 ਸੀਟਾਂ ਹਨ, ਜਦੋਂਕਿ ਡੈਮੋਕਰੈਟਸ ਕੋਲ 47 ਸੀਟਾਂ ਹਨ। ਸਦਨ ਵਿਚ ਰਿਪਬਲਿਕਨਾਂ ਨੇ ਡੈਮੋਕਰੈਟਸ ਦੀਆਂ 209 ਸੀਟਾਂ ਦੇ ਮੁਕਾਬਲੇ ਹੁਣ ਤੱਕ 216 ਸੀਟਾਂ ਜਿੱਤ ਲਈਆਂ ਹਨ। ਬਹੁਮਤ ਦਾ ਜਾਦੂਈ ਅੰਕੜਾ 218 ਹੈ। ਰਿਪਬਲਿਕਨਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਬਹੁਮਤ ਹਾਸਲ ਕਰ ਲੈਣਗੇ। ਰਾਸ਼ਟਰਪਤੀ ਜੋਅ ਬਾਇਡਨ 2020 ਵਿਚ ਪਹਿਲੇ ਡੈਮੋਕਰੈਟ ਸਨ, ਜਿਨ੍ਹਾਂ ਐਰੀਜ਼ੋਨਾ ਜਿੱਤਿਆ ਸੀ। ਇਸ ਤੋਂ ਪਹਿਲਾਂ 1996 ਵਿਚ ਬਿਲ ਕਲਿੰਟਨ ਨੇ ਅਜਿਹਾ ਕੀਤਾ ਸੀ। ਟਰੰਪ ਨੇ ਹੁਣ ਐਰੀਜ਼ੋਨਾ ਮੁੜ ਹਾਸਲ ਕਰ ਲਿਆ ਹੈ। ਟਰੰਪ ਨੇ ਚੋਣ ਪ੍ਰਚਾਰ ਦੌਰਾਨ ਸੀਮਾ ਸੁਰੱਖਿਆ, ਇੰਮੀਗ੍ਰੇਸ਼ਨ ਅਤੇ ਗ਼ੈਰਕਾਨੂੰਨੀ ਸ਼ਰਨਾਰਥੀਆਂ ਵੱਲੋਂ ਕੀਤੇ ਗਏ ਅਪਰਾਧਾਂ ਦੇ ਮੁੱਦੇ ਉਭਾਰੇ ਸਨ। ਉਨ੍ਹਾਂ ਨੇ ਗ਼ੈਰਕਾਨੂੰਨੀ ਸ਼ਰਨਾਰਥੀਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਣ ਤੇ ਮਿਲਟਰੀ ਬਜਟ ਦਾ ਕੁਝ ਹਿੱਸਾ ਬਾਰਡਰ ਫੰਡਿੰਗ ਲਈ ਵਰਤਣ ਦਾ ਅਹਿਦ ਕੀਤਾ ਸੀ।