ਵਾਸ਼ਿੰਗਟਨ, 2 ਨਵੰਬਰ (ਪੰਜਾਬ ਮੇਲ)- ਅਮਰੀਕਾ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਪੈਨਸਿਲਵੇਨੀਆ ਰਾਜ ਅਹਿਮ ਭੂਮਿਕਾ ਨਿਭਾਉਣ ਵਾਲਾ ਹੈ, ਕਿਉਂਕਿ ਇੱਥੋਂ ਦੇ 7 ਬਹੁਤ ਜ਼ਿਆਦਾ ਵੋਟਰਾਂ ਵਾਲੇ ਰਾਜਾਂ ਵਿਚੋਂ ਇਹ ਪਹਿਲੇ ਸਥਾਨ ‘ਤੇ ਹੈ। ਮੌਜੂਦਾ ਸਮੇਂ ਵਿਚ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਉਮੀਦਵਾਰ ਉਪ ਰਾਸ਼ਟਰਪਤੀ ਕਮਲਾ ਹੈਰਿਸ ਪੈਨਸਿਲਵੇਨੀਆ ‘ਚ ਬਰਾਬਰੀ ‘ਤੇ ਹਨ।
ਰੀਅਲ ਕਲੀਅਰ ਪੋਲੀਟਿਕਸ ਦੀ ਰਿਪੋਰਟ ਦੇ ਅਨੁਸਾਰ, ਚੋਣਾਂ ਤੋਂ 4 ਦਿਨ ਪਹਿਲਾਂ, ਟਰੰਪ, ਹੈਰਿਸ ਤੋਂ 0.5 ਫ਼ੀਸਦੀ ਅੰਕਾਂ ਨਾਲ ਅੱਗੇ ਚੱਲ ਰਹੇ ਹਨ। ਸਾਲ 2020 ਦੀਆਂ ਚੋਣਾਂ ਤੋਂ 4 ਦਿਨ ਪਹਿਲਾਂ, ਜੋ ਬਾਇਡਨ ਕੋਲ ਪੈਨਸਿਲਵੇਨੀਆ ਵਿਚ ਟਰੰਪ ‘ਤੇ 3.6 ਅੰਕਾਂ ਦੀ ਬੜ੍ਹਤ ਸੀ। ਇਸੇ ਕਾਰਨ ਦੋਵਾਂ ਪਾਰਟੀਆਂ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਆਪਣਾ ਜ਼ਿਆਦਾਤਰ ਸਮਾਂ ਇਸ ਰਾਜ ਵਿਚ ਪ੍ਰਚਾਰ ਵਿਚ ਲੰਘਾ ਰਹੇ ਹਨ। ਹੈਰਿਸ ਨੇ ਪੈਨਸਿਲਵੇਨੀਆ ਵਿਚ ਕਈ ਪ੍ਰਚਾਰ ਪ੍ਰੋਗਰਾਮ ਆਯੋਜਿਤ ਕੀਤੇ ਹਨ। ਪ੍ਰਾਪਤ ਰਿਪੋਰਟਾਂ ਅਨੁਸਾਰ ਉਹ ਇੱਥੇ ਮਿਸ਼ੀਗਨ ਨਾਲੋਂ ਦੁੱਗਣੇ ਪ੍ਰੋਗਰਾਮਾਂ ਦਾ ਆਯੋਜਨ ਕਰ ਚੁੱਕੀ ਹੈ।