#AMERICA

ਅਮਰੀਕੀ ਰਾਸ਼ਟਰਪਤੀ ਚੋਣਾਂ : ਨਿੱਕੀ ਹੇਲੀ ਵੱਲੋਂ ਟਰੰਪ ਨੂੰ ਹਮਾਇਤ

ਮਿਲਵਾਕੀ, 18 ਜੁਲਾਈ (ਪੰਜਾਬ ਮੇਲ)-  ਰਿਪਬਲਿਕਨ ਪਾਰਟੀ ਦੀ ਭਾਰਤੀ ਮੂਲ ਦੀ ਆਗੂ ਨਿੱਕੀ ਹੇਲੀ ਨੇ ਰਾਸ਼ਟਰਪਤੀ ਚੋਣ ਲਈ ਪਾਰਟੀ ਉਮੀਦਵਾਰ ਵਜੋਂ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਹਮਾਇਤ ਕੀਤੀ ਹੈ। ਇਸ ਨਾਲ ਦੋਵਾਂ ਵਿਚਕਾਰ ਪ੍ਰਾਇਮਰੀ ਚੋਣਾਂ ਦੌਰਾਨ ਚੱਲ ਰਹੀ ਕੁੜੱਤਣ ਖ਼ਤਮ ਹੁੰਦੀ ਨਜ਼ਰ ਆ ਰਹੀ ਹੈ। ਹੇਲੀ ਨੇ ਰਿਪਬਲਿਕਨ ਪਾਰਟੀ ਵੱਲੋਂ 2024 ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਟਰੰਪ ਨੂੰ ਚੁਣੌਤੀ ਦਿੱਤੀ ਸੀ ਅਤੇ ਕਈ ਮਹੀਨਿਆਂ ਤੱਕ ਉਨ੍ਹਾਂ ਖ਼ਿਲਾਫ਼ ਪ੍ਰਚਾਰ ਕੀਤਾ ਸੀ ਪਰ ਬਾਅਦ ‘ਚ ਉਸ ਨੇ ਦੌੜ ਤੋਂ ਬਾਹਰ ਹੋਣ ਦਾ ਐਲਾਨ ਕੀਤਾ ਸੀ।
ਹੇਲੀ ਨੇ ਆਪਣੇ 97 ਡੈਲੀਗੇਟਾਂ ਨੂੰ ਕੌਮੀ ਕਨਵੈਨਸ਼ਨ ਦੌਰਾਨ ਟਰੰਪ ਨੂੰ ਵੋਟ ਪਾਉਣ ਦੇ ਨਿਰਦੇਸ਼ ਦਿੰਦਿਆਂ ਪਾਰਟੀ ‘ਚ ਏਕੇ ਦਾ ਹੋਕਾ ਦਿੱਤਾ। ਹੇਲੀ ਨੇ ਮਿਲਵਾਕੀ ‘ਚ ਹੋਈ ਕਨਵੈਨਸ਼ਨ ਦੌਰਾਨ ਕਿਹਾ, ”ਮੈਂ ਇਕ ਗੱਲ ਸਪੱਸ਼ਟ ਆਖਾਂਗੀ ਕਿ ਡੋਨਲਡ ਟਰੰਪ ਨੂੰ ਮੇਰੀ ਪੂਰੀ ਹਮਾਇਤ ਹੈ।” ਇਸ ਸੰਮੇਲਨ ‘ਚ ਡੈਲੀਗੇਟਾਂ ਦੇ ਵੋਟ ਹਾਸਲ ਕਰਨ ਮਗਰੋਂ ਟਰੰਪ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਅਧਿਕਾਰਤ ਉਮੀਦਵਾਰ ਬਣ ਗਏ ਹਨ। ਉਹ ਵੀਰਵਾਰ ਨੂੰ ਨਾਮਜ਼ਦਗੀ ਕਬੂਲ ਕਰਦਿਆਂ ਭਾਸ਼ਣ ਦੇਣਗੇ।
ਹੇਲੀ ਨੇ ਹਜ਼ਾਰਾਂ ਡੈਲੀਗੇਟਾਂ ਅਤੇ ਪਾਰਟੀ ਆਗੂਆਂ ਨੂੰ ਕਿਹਾ ਕਿ ਟਰੰਪ ਦੇਸ਼ ਲਈ ਸਭ ਤੋਂ ਵਧੀਆ ਉਮੀਦਵਾਰ ਹਨ ਅਤੇ ਉਹ ਜੋਅ ਬਾਇਡਨ ਨੂੰ ਹਰਾਉਣ ਦੇ ਕਾਬਿਲ ਹਨ। ਉਨ੍ਹਾਂ ਆਪਣੇ ਭਾਸ਼ਣ ‘ਚ ਸਾਬਕਾ ਰਾਸ਼ਟਰਪਤੀ ਦੀ ਵਿਦੇਸ਼ ਨੀਤੀ ਦਾ ਬਚਾਅ ਕੀਤਾ ਅਤੇ ਕੁਝ ਮੁੱਦਿਆਂ ‘ਤੇ ਅਸਹਿਮਤੀ ਰੱਖਣ ਵਾਲੇ ਵੋਟਰਾਂ ਨੂੰ ਕਿਹਾ ਕਿ ਉਹ ਅਮਰੀਕਾ ਨੂੰ ਬਚਾਉਣ ਖ਼ਾਤਰ ਟਰੰਪ ਨੂੰ ਵੋਟ ਪਾਉਣ।