ਮੁਹਿੰਮ ਲਈ ਆਮ ਲੋਕਾਂ ਵੱਲੋਂ ਰੋਜ਼ਾਨਾ ਦਿੱਤੇ ਜਾ ਰਹੇ ਨੇ ਕਰੋੜਾਂ ਡਾਲਰ
– ਅਗਲੇ ਮਹੀਨੇ ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਦੀ ਹੋਣ ਵਾਲੀ ਕਨਵੈਨਸ਼ਨ ਤੋਂ ਪਹਿਲਾਂ ਵੀ ਪਾਰਟੀ ਉਮੀਦਵਾਰ ਵਜੋਂ ਹੈਰਿਸ ਦੇ ਨਾਂ ‘ਤੇ ਲੱਗ ਸਕਦੀ ਹੈ ਮੋਹਰ
ਸੈਕਰਾਮੈਂਟੋ, 24 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਉਪ ਰਾਸ਼ਟਰਪਤੀ ਕਮਲਾ ਹੈਰਿਸ ਅਮਰੀਕੀ ਰਾਜਨੀਤੀ ਵਿਚ ਇਤਿਹਾਸ ਰਚਣ ਵੱਲ ਵਧ ਰਹੀ ਹੈ। ਉਹ ਪਹਿਲਾਂ ਵੀ ਉੱਪ ਰਾਸ਼ਟਰਪਤੀ ਬਣ ਕੇ ਇਤਿਹਾਸ ਰਚ ਚੁੱਕੀ ਹੈ। ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਚੋਣ ਨਾ ਲੜਣ ਤੇ ਰਾਸ਼ਟਰਪਤੀ ਉਮੀਦਵਾਰ ਵਜੋਂ ਕਮਲਾ ਹੈਰਿਸ ਦਾ ਨਾਂ ਐਲਾਣਨ ਤੋਂ ਬਾਅਦ ਉਸ ਦੇ ਸਮਰਥਨ ਵਿਚ ਬਹੁਤ ਸਾਰੇ ਪਾਰਟੀ ਆਗੂ ਆ ਗਏ ਹਨ। ਸੰਭਾਵਨਾ ਹੈ ਕਿ ਅਗਲੇ ਕੁਝ ਦਿਨਾਂ ਦੌਰਾਨ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਉਮੀਦਵਾਰ ਵਜੋਂ ਪਾਰਟੀ ਪ੍ਰਵਾਨ ਕਰ ਲਵੇਗੀ, ਹਾਲਾਂਕਿ ਅਗਲੇ ਮਹੀਨੇ 19 ਅਗਸਤ ਨੂੰ ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਦੀ ਹੋਣ ਵਾਲੀ ਕਨਵੈਨਸ਼ਨ ਵਿਚ ਰਾਸ਼ਟਰਪਤੀ ਉਮੀਦਵਾਰ ਵਜੋਂ ਹੈਰਿਸ ਦੇ ਨਾਂ ‘ਤੇ ਰਸਮੀ ਮੋਹਰ ਲਾਈ ਜਾਣੀ ਹੈ। ਉਹ ਪਹਿਲੀ ਅਫਰੀਕੀ-ਅਮਰੀਕੀ, ਪਹਿਲੀ ਏਸ਼ੀਅਨ-ਅਮਰੀਕੀ ਤੇ ਪਹਿਲੀ ਭਾਰਤੀ-ਅਮਰੀਕੀ ਔਰਤ ਹੋਵੇਗੀ, ਜੋ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਹੋਵੇਗੀ। ਜੇਕਰ ਚੋਣ ਜਿੱਤ ਜਾਂਦੀ ਹੈ, ਤਾਂ ਉਹ ਅਮਰੀਕਾ ਦੀ ਪਹਿਲੀ ਔਰਤ ਰਾਸ਼ਟਰਪਤੀ ਹੋਵੇਗੀ। ਹੈਰਿਸ ਨੂੰ ਰਾਸ਼ਟਰਪਤੀ ਬਾਇਡਨ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਸਮੇਤ ਚੋਟੀ ਦੇ ਪਾਰਟੀ ਆਗੂਆਂ ਦਾ ਸਮਰਥਨ ਮਿਲ ਚੁੱਕਾ ਹੈ। ਇਸ ਤੋਂ ਇਲਾਵਾ ਅਨੇਕਾਂ ਹੋਰ ਸੰਸਦ ਮੈਂਬਰ ਤੇ ਪਾਰਟੀ ਅਹੁਦੇਦਾਰ ਉਨ੍ਹਾਂ ਦੇ ਸਮਰਥਨ ਵਿਚ ਆ ਗਏ ਹਨ। ਉੱਪ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ ਕੈਲੀਫੋਰਨੀਆ ਦੇ ਅਟਾਰਨੀ ਜਰਨਲ ਵਜੋਂ ਦੋ ਵਾਰ ਜਿੱਤ ਚੁੱਕੀ ਹੈ। 2016 ਵਿਚ ਉਸ ਨੇ ਯੂ.ਐੱਸ. ਸੈਨੇਟ ਦੀ ਚੋਣ ਜਿੱਤੀ ਸੀ। ਇਸੇ ਸਾਲ ਹੀ ਡੋਨਲਡ ਟਰੰਪ ਨੇ ਡੈਮੋਕ੍ਰੈਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਹਰਾਇਆ ਸੀ।
ਰਾਸ਼ਟਰਪਤੀ ਮੁਹਿੰਮ ਲਈ ਫੰਡਾਂ ਦਾ ਹੜ੍ਹ- ਜੋਅ ਬਾਇਡਨ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਕਮਲਾ ਹੈਰਿਸ ਦਾ ਨਾਂ ਐਲਾਣਨ ਤੋਂ ਬਾਅਦ ਇਕ ਦਿਨ ਤੋਂ ਵੀ ਘੱਟ ਸਮੇਂ ਵਿਚ ਉਸ ਦੀ ਰਾਸ਼ਟਰਪਤੀ ਚੋਣ ਮੁਹਿੰਮ ਲਈ 496 ਲੱਖ ਡਾਲਰ ਇਕੱਠੇ ਹੋਏ ਹਨ। ਇਹ ਜਾਣਕਾਰੀ ਬਾਇਡਨ ਦੀ ਮੁਹਿੰਮ ਦੇ ਬੁਲਾਰੇ ਨੇ ਦਿੱਤੀ ਹੈ। ਬੁਲਾਰੇ ਅਨੁਸਾਰ ਵੱਡੀ ਗੱਲ ਇਹ ਹੈ ਕਿ ਇਹ ਫੰਡ ਕਿਸੇ ਵੱਡੇ ਅਦਾਰੇ ਜਾਂ ਅਮੀਰ ਵਿਅਕਤੀਆਂ ਵੱਲੋਂ ਨਹੀਂ, ਬਲਕਿ ਪਾਰਟੀ ਦੇ ਜ਼ਮੀਨੀ ਪੱਧਰ ਦੇ ਸਮਰਥਕਾਂ ਅਰਥਾਤ ਆਮ ਲੋਕਾਂ ਵੱਲੋਂ ਦਿੱਤਾ ਜਾ ਰਿਹਾ ਹੈ ਤੇ ਹਰ ਰੋਜ਼ ਕਰੋੜਾਂ ਡਾਲਰ ਇਕੱਠੇ ਹੋ ਰਹੇ ਹਨ।